ਗੁਰਦਾਸਪੁਰ, 28 ਅਪ੍ਰੈਲ ( ) ਕੋਰੋਨਾ ਵਾਇਰਸ ਦਾ ਜਲਦੀ ਟੈਸਟ ਕਰਵਾਉਣ ਅਤੇ ਇਸ ਦੇ ਇਲਾਜ ਦੀ ਜਰੂਰਤ ’ਤੇ ਜ਼ੋਰ ਦਿੰਦਿਆਂ ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ਵਿਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਜਾ ਕੇ ਕੋਰੋਨਾ ਟੈਸਟ ਜਰੂਰ ਕਰਵਾਉਣ।
ਸਿਵਲ ਸਰਜਨ ਨੇ Çਅੱਗੇ ਕਹਾ ਕਿ ਬੁਖਾਰ, ਜੁਕਾਮ, ਸਰੀਰ ਦਰਦ ਜਾਂ ਸਾਹ ਲੈਣ ਵਿਚ ਤਕਲੀਫ ਆਦਿ ਹੋਣ ਤੇ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ ਤੇ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਟੈਸਟ ਕਰਵਾਉਣ ਉਪਰੰਤ ਰਿਪੋਰਟ ਆਉਣ ਤਕ ਆਪਣੇ ਆਪ ਨੂੰ ਘਰ ਵਿਚ ਏਕਾਂਤਵਾਸ ਕਰਨਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਹਿ-ਰੋਗਾਂ ਵਾਲੇ ਪੀੜਤ ਮਰੀਜ਼ਾਂ ਲਈ ਜੋਖਮਾਂ ਬਾਰੇ ਦੱਸਦਿਆਂ ਉਨਾਂ ਨੇ ਕਿਹਾ ਕਿ ਹਾਈਪਰਟੈਨਸ਼ਨ ਅਤੇ ਸੂਗਰ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਸਬੰਧੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਕੋਰੋਨਾ ਬਿਮਾਰੀ ਦੀ ਲਾਗ ਤੋਂ ਬਚਿਆ ਜਾ ਸਕੇ।
ਉਨਾਂ ਨੇ ਅੱਗੇ ਕਿਹਾ ਕਿ ਯੋਗ ਵਿਅਕਤੀਆਂ ਨੂੰ ਵੈਕਸੀਨ ਜਰੂਰ ਲਗਾਉਣੀ ਚਾਹੀਦੀ ਹੈ ਅਤੇ ਵੈਕਸੀਨ ਲਗਾਉਣ ਉਪਰੰਤ ਵੀ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮਾਸਕ ਲਾਜ਼ਮੀ ਤੋਰ ਤੇ ਪਹਿਨਿਆ ਜਾਵੇ। ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਹੱਥਾਂ ਨੂੰ ਸੈਨਾਟਾਇਜ਼ ਜਾਂ ਵਾਰ-ਵਾਰ ਸਾਬੁਣ ਨਾਲ ਧੋਤਾ ਜਾਵੇ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੇ ਫੈਲਾਅ ਨੂੰ ਰੋਕਣ ਅਤੇ ਇਸਦੇ ਪ੍ਰਭਾਵ ਤੋ ਬਚਣ ਲਈ ਉਪਰੋਕਤ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਕੋੋਰੋਨਾ ਵਿਰੁੱਧ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕੀਤਾ ਜਾਵੇ।