ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਲਈ ਐਂਬੂਲੈਂਸ ਅਤੇ ਮੌਰਚਰੀ ਵੈਨਾਂ ਦੇ ਰੇਟ ਨਿਰਧਾਰਿਤ-ਡਿਪਟੀ ਕਮਿਸ਼ਨਰ

ਤੈਅ ਰੇਟਾਂ ਤੋ ਵਧੇਰੇ ਵਸੂਲ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ- ਰਾਮਵੀਰ
ਸੰਗਰੂਰ, 21 ਮਈ , 2021
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲ ਪਹੰੁਚਾਉਣ ਜਾਂ ਹਸਪਤਾਲ ਤੋ ਘਰ ਪਹੁੰਚਾਉਣ ਲਈ ਐਂਬੂਲੈਂਸ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ ਤਾਂ ਜੋ ਕੋਵਿਡ ਮਹਾਂਮਾਰੀ ਦੌਰਾਨ ਮਰੀਜ਼ਾਂ ਦਾ ਆਰਥਿਕ ਸ਼ੋਸ਼ਣ ਨਾ ਹੋਵੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਆਮ ਜਨਤਾ ਨੂੰ ਸਹੂਲਤ ਦੇਣ ਅਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਲਈ ਰੇਟ ਤੈਅ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਐਂਬੂਲੈਂਸ ਵੈਨ ਅਤੇ ਇਨੋਵਾ ਐਂਬੂਲੈਂਸ 25 ਕਿਲੋਮੀਟਰ ਤੱਕ ਕਿਰਾਇਆ 2500/- ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 12/- ਰੁਪਏ ਪ੍ਰਤੀ ਕਿਲੋਮੀਟਰ ਵਸੂਲ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੈਂਟੀਲੇਟਰ ਐਂਬੂਲੈਂਸ ਵੈਨ 25 ਕਿਲੋਮੀਟਰ ਤੱਕ ਕਿਰਾਇਆ 5000/- ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 25/- ਰੁਪਏ ਪ੍ਰਤੀ ਕਿਲੋਮੀਟਰ ਵਸੂਲ ਕਰ ਸਕਣਗੇ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਐਂਬੂਲੈਂਸਾਂ ਦੇ ਇਹ ਰੇਟ ਮੌਰਚਰੀ ਵੈਨਾਂ ਉੱਪਰ ਵੀ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਐਂਬੂਲੈਂਸ ਆਪਰੇਟਰ, ਮਾਲਕ, ਡਰਾਇਵਰ, ਵਿਅਕਤੀ ਜਾਂ ਸੰਸਥਾ ਵੱਲੋਂ ਉਪਰੋਕਤ ਤੈਅ ਰੇਟਾਂ ਤੋ ਵਧੇਰੇ ਪੈਸੇ ਵਸੂਲ ਕੀਤੇ ਜਾਂਦੇ ਹਨ ਤਾਂ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Spread the love