ਹੁਣ ਤੱਕ 42 ਬੇਨਤੀ ਪੱਤਰ ਪ੍ਰਾਪਤ ਹੋਏ ਹਨ
ਅਪਲਾਈ ਕਰਨ ਲਈ ਸਬੰਧਿਤ ਆਂਗਣਵਾੜੀ ਵਰਕਰ ਨਾਲ ਕੀਤਾ ਜਾ ਸਕਦਾ ਹੈ ਸੰਪਰਕ
ਬਰਨਾਲਾ, 30 ਜੁਲਾਈ 2021
ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਆਪਣੇ ਮਾਤਾ ਜਾਂ ਪਿਤਾ ਜਾਂ ਦੋਨਾਂ ਦੀ ਮੌਤ ਨਾਲ ਪ੍ਰਭਾਵਿਤ ਹੋਇਆ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜਿਹੜੇ ਬੱਚਿਆਂ ਨੇ ਆਪਣੇ ਮਾਤਾ ਜਾਂ ਪਿਤਾ ਜਾਂ ਦੋਨਾਂ ਨੂੰ ਕੋਵਿਡ ਕਾਰਨ ਗਵਾਇਆ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਵਿੱਤੀ ਸਹਾਇਤਾ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਨ੍ਹਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਤੱਕ ਮੁਫ਼ਤ ਸਿੱਖਿਆ, ਸਮਾਰਟ ਰਾਸ਼ਨ ਕਾਰਡ ਯੋਜਨਾ ਅਧੀਨ ਲਾਭ, ਸਰਬੱਤ ਸਿਹਤ ਬੀਮਾ ਯੋਜਨਾ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਰੋਜ਼ਗਾਰ ਦੇ ਮੌਕੇ ਅਤੇ 1500 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਕਿਸੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਵਾਲੇ ਦੀ ਮੌਤ ਹੋਣ ਦੀ ਸਥਿਤੀ ਵਿਚ ਪਤੀ-ਪਤਨੀ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ 42 ਬੱਚਿਆਂ ਦੇ ਬੇਨਤੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਬਣਦੀਆਂ ਸਹੂਲਤਾਂ ਜਲਦ ਹੀ ਦਿੱਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਲੋਕ ਆਪਣੇ ਇਲਾਕੇ ਦੀਆਂ ਆਂਗਣਵਾੜੀ ਵਰਕਰਾਂ ਨਾਲ ਰਾਬਤਾ ਕਾਇਮ ਕਰਕੇ ਇਸ ਤਰ੍ਹਾਂ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਫ਼ਾਰਮ ਸਬੰਧਿਤ ਬਾਲ ਵਿਕਾਸ ਪ੍ਰੋਗਰਾਮ ਅਫ਼ਸਰ ਕੋਲ ਜਮ੍ਹਾਂ ਕਰਵਾਏ ਜਾਣੇ ਹਨ।
ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ 01679-238170 ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।