ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਅਤੇ ਟੀਕਾਕਰਨ ਨਾਲ ਹੀ ਰੋਕਿਆ ਜਾ ਸਕਦੈ ਤੀਸਰੀ ਲਹਿਰ ਦਾ ਖ਼ਤਰਾ- ਸਿਵਲ ਸਰਜਨ

ਫਾਜ਼ਿਲਕਾ, 15 ਜੁਲਾਈ 2021
ਸਿਵਲ ਸਰਜਨ ਡਾ ਦਵਿੰਦਰ ਕੁਮਾਰ ਢਾਂਡਾ ਨੇ ਸਮੂਹ ਸਿਹਤ ਅਧਿਕਾਰੀਆਂ ਤੇ ਕਰਮੀਆਂ ਨਾਲ ਕੋਵਿਡ-19 ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਨੋਡਲ ਅਫਸਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਕੋਵਿਡ-19 ਮਹਾਮਾਰੀ ਅਜੇ ਵੀ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਲਈ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨਾ ਹਰ ਪੱਧਰ `ਤੇ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਮਾਸਕ, ਸਮਾਜਿਕ ਦੂਰੀ, ਸੈਨਿਟਾਈਜ਼ਰ ਦਾ ਇਸਤੇਮਾਲ ਅਤੇ ਵਾਰ ਵਾਰ ਹੱਥ ਧੋਣਾ ਆਦਿ ਨੂੰ ਹਰ ਹਾਲਤ ਵਿਚ ਅਪਣਾਇਆ ਜਾਵੇ ਅਤੇ ਇਸ ਦੇ ਪ੍ਰਤੀ ਜਾਗਰੂਕ ਵੀ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਕੋਵਿਡ ਕੇਸ ਘਟ ਹੋਣ ਨਾਲ ਇਸ ਧੋਖੇ ਵਿਚ ਨਾ ਰਿਹਾ ਜਾਵੇ ਕਿ ਕਰੋਨਾ ਖ਼ਤਮ ਹੋ ਗਿਆ ਹੈ। ਉਹਨਾਂ ਨੇ ਸਮੂਹ ਸਮਾਜਿਕ, ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਹੋ ਕੇ ਟੈਸਟਿੰਗ ਤੇ ਟੀਕਾਕਰਨ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ।
ਸਿਵਲ ਸਰਜਨ ਡਾ ਦਵਿੰਦਰ ਨੇ ਅਪੀਲ ਕਰਦਿਆਂ ਕਿਹਾ ਕਿ ਟੀਕਾਕਰਣ ਕਰਾਉਣ ਵਿਚ ਅਪਣਾ ਬਣਦਾ ਸਹਿਯੋਗ ਜਾਰੀ ਰੱਖਣ ਤਾਂ ਜੋ ਜ਼ਿਲ੍ਹਾ ਫਾਜ਼ਿਲਕਾ ਨੂੰ ਕਰੋਨਾ ਮੁਕਤ ਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ।ਉਨ੍ਹਾਂ ਅਧਿਕਾਰੀਆਂ ਤੋਂ ਬਾਕੀ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ। ਉਹਨਾਂ ਕਿਹਾ ਕਿ ਮਹਾਮਾਰੀ ਵਿਚ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਨੂੰ ਹਰ ਕੀਮਤ `ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਾ ਕਰਮਜੀਤ, ਡਾ ਕਵਿਤਾ ਸਿੰਘ, ਡਾ ਅਸ਼ਵਨੀ, ਡਾ ਕੰਵਲਜੀਤ, ਡਾ ਸੁਨੀਤਾ, ਡਾ ਏਰਿਕ, ਅਨਿਲ ਧਾਮੂ ਜਿਲਾ ਮਾਸ ਮੀਡੀਆ ਅਫਸਰ, ਡਾ ਗੁਗਲਾਨੀ ਅਤੇ ਹੋਰ ਨੋਡਲ ਕਰਮਚਾਰੀ ਮੌਜੂਦ ਸਨ।

Spread the love