ਮੈਗਾ ਰੋਜ਼ਗਾਰ ਮੇਲੇ ਦੇ ਦੂਜੇ ਦਿਨ 670 ਯੋਗ ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀ ਲਈ ਕੀਤੀ ਗਈ ਚੋਣ
ਤਰਨ ਤਾਰਨ, 29 ਸਤੰਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਲਗਾਏ ਜਾ ਰਹੇ ਛੇਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ ਮਾਝਾ ਕਲਾਜ ਫਾਰ ਵੂਮੈਨ, ਤਰਨ ਤਾਰਨ ਵਿਖੇ ਅੱਜ ਲਗਾਤਾਰ ਦੂਜੇ ਦਿਨ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਅਤੇ ਸ਼੍ਰੀ ਰੋਹਿਤ ਗੁਪਤਾ, ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਦੀ ਦੇਖ ਰੇਖ ਵਿੱਚ ਕੋਵਿਡ-19 ਮਹਾਂਮਾਰੀ ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ।
ਜ਼ਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 12 ਕੰਪਨੀਆਂ ਨੇ ਭਾਗ ਲਿਆ, ਜਿਹਨਾਂ ਵਲੋਂ ਭਾਗ ਲੈਣ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਗਈ। ਅੱਜ ਦੇ ਰੋਜ਼ਗਾਰ ਮੇਲੇ ਵਿੱਚ 791 ਉਮੀਦਵਾਰਾਂ ਨੇ ਭਾਗ ਲਿਆ ਅਤੇ 670 ਯੋਗ ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਉਮੀਦਵਾਰਾਂ ਨੂੰ ਫਰੀ ਮਾਸਕ ਵੀ ਉਪਲੱਬਧ ਕਰਵਾਏ ਗਏ। ਉਹਨਾਂ ਕਿਹਾ ਬੇਰੋਜ਼ਗਾਰ ਉਮੀਦਵਾਰ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਸੇਵਾਵਾਂ ਲਈ ਬਿਊਰੋ ਦੇ ਹੈੱਲਪ ਲਾਈਨ ਨੰਬਰ 77173-97013 ‘ਤੇ ਸੰਪਰਕ ਕਰ ਸਕਦੇ ਹਨ।
ਰੋਜ਼ਗਾਰ ਮੇਲੇ ਦੌਰਾਨ ਸ਼੍ਰੀ ਗੁਰਸੇਵਕ ਸਿੰਘ ਪੰਨੂ, ਸੇਵਾ ਮੁਕਤ, ਜਿਲਾ ਗਾਈਡੈਂਸ ਕਾਊਂਸਲਰ ਅਤੇ ਸ਼੍ਰੀ ਸੁਖਬੀਰ ਸਿੰਘ ਕੰਗ ਵੱਲੋਂ ਉਮੀਦਵਾਰਾਂ ਨੂੰ ਕੰਪਨੀਆਂ ਵੱਲੋਂ ਦਿੱਤੀ ਨੌਕਰੀਆਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਸ਼੍ਰੀ ਰਾਜਬੀਰ ਸਿੰਘ ਸੈਕਟਰੀ, ਮੈਨੇਜਮੈਂਟ ਕਮੇਟੀ ਮਾਝਾ ਕਾਲਜ ਫਾਰ ਵੂਮੈਨ, ਡਾ. ਹਰਦੀਪ ਕੌਰ ਸੰਧੂ ਅਤੇ ਉਹਨਾਂ ਦੇ ਸਟਾਫ ਵਲੋਂ ਰੋਜ਼ਗਾਰ ਮੇਲੇ ਦੇ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।