ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਸ਼ਾਹਿਤ ਕਰਨ ਲਈ ਪਿੰਡ ਬਾਰਠ ਸਾਹਿਬ ਵਿੱਚ ਸਿੱਧੀ ਬਿਜਾਈ ਕਰਵਾਈ ਗਈ।
ਪਠਾਨਕੋਟ: 7 ਜੂਨ 2021 ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ,ਡਾ. ਸੁਖਦੇਵ ਸਿੰਘ ਸਿੱਧੁ ਦੇ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਬਾਰਠ ਸਾਬ ਦੇ ਕਿਸਾਨ ਝਮੇਲ ਸਿੰਘ ਦੇ ਖੇਤਾਂ ਵਿੱਚ ਲੱਕੀ ਸੀਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਵਾ ਕੇ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਸ੍ਰੀ ਗੁਰਦਿੱਤ ਸਿੰਘ, ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਸ਼੍ਰੀ ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ,ਗੁਰਵੰਤ ਸਿੰਘ ਸਮੇਤ ਕਈ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ,ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ, ਮਜ਼ਦੂਰਾਂ ਦੀ ਸੰਭਾਵਤ ਘਾਟ ਦਾ ਇਕ ਬੇਹਤਰ ਬਦਲ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਹਲਕੀਆਂ ਅਤੇ ਉੱਚੀਆਂ ਜ਼ਮੀਨਾਂ ਦੀ ਚੋਣ ਨਾਂ ਕਰੋ,ਸਿਰਫ ਭਾਰੀਆਂ ਅਤੇ ਜ਼ਰਖੇਜ਼ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਕੀਤੀ ਜਾਵੇ ਕਿਉਂਕਿ ਹਲਕੀਆਂ ਜ਼ਮੀਨਾਂ ਵਿੱਚ ਪਾਣੀ ਖੜਾ ਨਾਂ ਹੋਣ ਕਾਰਨ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦੀ ਫਸਲ ਵਿੱਚ ਲੋਹੇ ਦੀ ਘਾਟ ਬਹੁਤ ਆ ਜਾਂਦੀ ਹੈ ਅਤੇ ਪੈਦਾਵਾਰ ਕਾਫੀ ਘਟ ਜਾਂਦੀ ਹੈ। ਜਿੰਨਾਂ ਖੇਤਾਂ ਵਿੱਚ ਕਮਾਦ ਦੀ ਫਸਲ ਲਈ ਗਈ ਹੋਵੇ ਉਨਾਂ ਖੇਤਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਨਾਂ ਚੁਣੋ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦਾ ਹੈ ਉਹ ਖੇਤੀ ਮਾਹਿਰਾਂ ਨਾਲ ਸੰਪਰਕ ਕਰੇ ਤਾਂ ਜੋ ਸਹੀ ਤਕਨੀਕੀ ਅਗਵਾਈ ਦਿੱਤੀ ਜਾ ਸਕੇ ਅਤੇ ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆਂ ਦਾ ਸਾਹਮਣਾ ਨਾਂ ਕਰਨਾ ਲਵੇ। ਉਨਾਂ ਕਿਹਾ ਕਿ ਕੋਵਿਡ 19 ਕਾਰਨ ਮਜ਼ਦੂਰਾਂ ਦੀ ਘਾਟ ਅਤੇ ਕਿਸਾਨਾਂ ਦੀ ਮੰਗ ਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨਾ ਲਾਉਣ ਦੀ ਤਾਰੀਕ 10 ਜੂਨ ਮਿਥੀ ਗਈ ਹੈ ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਿਸੇ ਵੀ ਹਾਲਤ ਵਿੱਚ ਨਾਂ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਲਈ ਅਤੇ ਬਾਸਮਤੀ ਲਈ ਜੂਨ ਦਾ ਦੂਜਾ ਪੰਦਰਵਾੜਾਂ ਢੁਕਵਾਂ ਸਮਾਂ ਹੈ। ਉਨਾਂ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਅਤੇ ਪਹਿਲਾ ਪਾਣੀ ਬਿਜਾਈ ਤੋਂ 20-21 ਬਾਅਦ ਲਗਾਇਆ ਜਾਵੇ ।ਉਨਾਂ ਕਿਹਾ ਕਿ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ 24 ਗ੍ਰਾਮ ਸਪਰਿੰਟ ਦਵਾਈ ਨੂੰ 100 ਮਿਲੀ ਲਿਟਰ ਪਾਣੀ ਵਿੱਚ ਘੋਲ ਕੇ 8 ਕਿਲੋ ਨੂੰ ਲੇਪ ਕਰ ਦੇਣਾ ਚਾਹੀਦਾ।
ਸ਼੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਛਿੜਕਾਅ ਬਿਜਾਈ ਤੋਂ 15-25 ਦਿਨਾਂ ਬਾਅਦ ਕਰ ਦੇਣਾ ਚਾਹੀਦਾ।ਸ਼੍ਰੀ ਅੰਸ਼ੁਮਨ ਸ਼ਰਮਾ ਨੇ ਕਿਹਾ ਕਿ ਸਰਕਲ ਭੋਆ ਬਹੁਤ ਸਾਰੇ ਕਿਸਾਨ ਇਸ ਵਿਧੀ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਜੋ ਕਿਸਾਨ ਪਹਿਲੀ ਵਾਰ ਇਸ ਵਿਧੀ ਨੂੰ ਅਪਣਾ ਰਹੇ ਹਨ ਉਨ੍ਹਾਂ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆਂ ਨਾਂ ਆਵੇ।
ਅਗਾਂਹਵਧੂ ਕਿਸਾਨ ਝਮੇਲ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਉਤਸ਼ਾਹਿਤ ਕਰਨ ਸਦਕਾ 4 ਏਕੜ ਰਕਬੇ ਵਿੱਚ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇਕਰ ਇਹ ਤਜ਼ਰਬਾ ਸਫਲ ਰਿਹਾ ਤਾਂ ਅਗਲੇ ਸਾਲ ਸਾਰੇ ਰਕਬੇ ਵਿੱਚ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕੀਤੀ ਜਾਵੇਗੀ।