ਮਿਸ਼ਨ ਫ਼ਤਿਹ-2 ਦੌਰਾਨ 4.32 ਲੱਖ ਤੋਂ ਵੱਧ ਲੋਕਾਂ ਦੀ ਕੀਤੀ ਗਈ ਸਕਰੀਨਿੰਗ
ਨਵਾਂਸ਼ਹਿਰ, 29 ਮਈ 2021 ਪੰਜਾਬ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ਮਿਸ਼ਨ ਫ਼ਤਿਹ-2 ਦੇ ਅੱਠ ਦਿਨਾਂ ਦੌਰਾਨ, ਆਸ਼ਾ ਵਰਕਰਾਂ ਵੱਲੋਂ 4.32 ਲੱਖ ਤੋਂ ਵੱਧ ਆਬਾਦੀ ਨੂੰ ਕਵਰ ਕਰਦੇ ਹੋਏ ਕੁੱਲ 116220 ਘਰਾਂ ਦਾ ਸਰਵੇਖਣ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਲੋਕਾਂ ਨੇ ਸਿਹਤ ਵਿਭਾਗ ਉੱਤੇ ਭਰੋਸਾ ਜਤਾਇਆ ਹੈ ਅਤੇ ਕੋਵਿਡ -19 ਦੇ ਸ਼ੁਰੂਆਤੀ ਪੜਾਅ ਦੌਰਾਨ ਇਲਾਜ ਕਰਵਾਉਣ ਲਈ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ-2 ਦੇ ਚੱਲਦਿਆਂ ਸਕਰੀਨਿੰਗ ਡਰਾਈਵ ਤਹਿਤ ਕੋਵਿਡ-19 ਲਈ ਕੁੱਲ 4036 ਵਿਅਕਤੀਆਂ ਦਾ ਟੈਸਟ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 59 ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ।
ਘਰੇਲੂ ਇਕਾਂਤਵਾਸ ਵਾਲੇ ਸਾਰੇ 59 ਮਰੀਜ਼ਾਂ ਨੂੰ ਮਿਸ਼ਨ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਦਕਿ 74 ਮਰੀਜ਼ਾਂ ਨੂੰ ਐਲ-2 ਅਤੇ ਐਲ-3 ਦੀ ਸਹੂਲਤ ਦਿੱਤੀ ਗਈ ਹੈ।
ਕੋਵਿਡ ਰੋਕੂ ਟੀਕਾਕਰਨ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਕੁੱਲ 513 ਵਿਅਕਤੀਆਂ ਨੇ ਵੈਕਸੀਨ ਲਈ, ਇਸ ਤਰ੍ਹਾਂ ਹੁਣ ਤੱਕ 137631 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਦੋਵੇਂ ਪਹਿਲੀ ਖੁਰਾਕ ਅਤੇ ਦੂਜੀ ਖਰਾਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਸਰੀਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਲੜਨ ਲਈ ਤਿਆਰ ਕਰਦੀ ਹੈ, ਇਸ ਲਈ ਸਾਰੇ ਯੋਗ ਵਿਅਕਤੀਆਂ ਨੂੰ ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਡਾ. ਕਪੂਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਜਿਨ੍ਹਾਂ ਗਰਭਵਤੀ ਔਰਤਾਂ ਨੂੰ ਕੋਵਿਡ ਪਾਜ਼ੇਟਿਵ ਪਾਇਆ ਜਾ ਰਿਹਾ ਹੈ, ਉਨ੍ਹਾਂ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਕੋਵਿਡ ਪਾਜ਼ੇਟਿਵ ਗਰਭਵਤੀ ਔਰਤਾਂ ਲਈ ਇਕ ਵਿਸ਼ੇਸ਼ ਹੈਲਪਲਾਈਨ ਨੰਬਰ 0172-2744041, 2744040 ਸ਼ੁਰੂ ਕੀਤਾ ਹੈ ਜੋ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿੰਦਾ ਹੈ। ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ ਪਾਜੇਟਿਵ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ। ਕੋਵਿਡ ਪਾਜੇਟਿਵ ਔਰਤਾਂ ਦੇ ਜਣੇਪੇ ਕਰਵਾਉਣ ਲਈ ਵੱਖਰਾ ਵਾਰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕੋਵਿਡ ਪਾਜੇਟਿਵ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਜ਼ੋਖਿਮ ਦਾ ਸਾਹਮਣਾ ਨਾ ਕਰਨਾ ਪਵੇ।
ਕੋਵਿਡ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਅੱਜ ਤੱਕ ਜ਼ਿਲ੍ਹੇ ਵਿੱਚ 10984 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 10178 ਮਰੀਜ਼ ਠੀਕ ਹੋਏ ਹਨ ਜਦੋਂਕਿ ਕੋਵਿਡ ਦੇ 322 ਮਰੀਜ਼ਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।