ਜ਼ਿਲ੍ਹੇ ਵਿਚ ਗਰਭਵਤੀ ਔਰਤਾਂ ਲਈ ਅਲੱਗ ਟੀਕਾਕਰਨ ਟੀਮਾਂ ਤਾਇਨਾਤ
ਨਵਾਂਸ਼ਹਿਰ, 10 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜੀ ਗਈ ਹੈ।
ਇਸੇ ਕੜੀ ਤਹਿਤ ਸਿਹਤ ਵਿਭਾਗ ਨੇ ਗਰਭਵਤੀ ਔਰਤਾਂ ਦੇ ਕੋਵਿਡ ਟੀਕਾਕਰਨ ਲਈ ਸੈਸ਼ਨ ਸਾਈਟਾਂ ‘ਤੇ ਅਲੱਗ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਤਾਂ ਜੋ ਉਹ ਆਸਾਨੀ ਨਾਲ ਕੋਵਿਡ ਰੋਕੂ ਟੀਕਾ ਲਗਵਾ ਕੇ ਕੋਰੋਨਾ ਵਾਇਰਸ ਬਾਰੇ ਡਰ ਅਤੇ ਚਿੰਤਾ ਤੋਂ ਮੁਕਤੀ ਪ੍ਰਾਪਤ ਕਰਨ ਸਕਣ। ਗਰਭ ਅਵਸਥਾ ਦੀ ਪਛਾਣ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਕੋਵਿਡ -19 ਟੀਕਾ ਕਿਸੇ ਵੀ ਸਮੇਂ ਲਗਾਇਆ ਜਾ ਸਕਦਾ ਹੈ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਦੇਖਦਿਆਂ ਗਰਭਵਤੀ ਔਰਤਾਂ ਨੂੰ ਵੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਇਹ ਦੋਵੇਂ ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਹਿਰਾਂ ਮੁਤਾਬਿਕ ਜ਼ਿਆਦਾਤਰ ਗਰਭਵਤੀ ਔਰਤਾਂ ਵਿਚ ਇਹ ਬਿਮਾਰੀ ਬਿਨਾਂ ਲੱਛਣਾਂ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਆਪਣੇ-ਆਪ ਸਿਹਤਯਾਬ ਹੋ ਜਾਂਦੀਆਂ ਹਨ ਪਰ ਫਿਰ ਵੀ ਕੋਵਿਡ-19 ਵੈਕਸੀਨ ਨਾਲ ਗਰਭਵਤੀ ਔਰਤਾਂ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਜ਼ਰੂਰੀ ਹੈ, ਇਸ ਨਾਲ ਇਹ ਬਿਮਾਰੀ ਗੰਭੀਰ ਰੂਪ ਧਾਰਨ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਈ ਗਰਭਵਤੀ ਔਰਤਾਂ ਕੋਵਿਡ-19 ਸੰਕ੍ਰਮਣ ਤੋਂ ਪ੍ਰਭਾਵਿਤ ਹੋ ਚੁੱਕੀਆਂ ਹਨ ਅਤੇ ਸਿਹਤਮੰਦ ਜੀਵਨਸ਼ੈਲੀ ਤੇ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਸਹੀ ਇਲਾਜ ਨਾਲ ਪੂਰੀ ਤਰ੍ਹਾਂ ਨਾਲ ਠੀਕ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਟੀਕੇ ਨਾਲ ਮਾਵਾਂ ਨੂੰ ਵਧੇਰੇ ਲਾਭ ਹੋਵੇਗਾ। ਉਹ ਕੋਰੋਨਾ ਵਾਇਰਸ ਬਾਰੇ ਡਰ ਅਤੇ ਚਿੰਤਾ ਤੋਂ ਮੁਕਤ ਰਹਿਣਗੀਆਂ। ਮਾਂ ਦੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਵੀ ਗਰਭਵਤੀ ਮਾਂ ਦੇ ਟੀਕਾਕਰਨ ਦੁਆਰਾ ਕੋਵਿਡ-19 ਤੋਂ ਬਚਾਇਆ ਜਾ ਸਕਦਾ ਹੈ। ਜੇ ਮਾਂ ਪ੍ਰਤੀਰੋਧਕਤਾ ਵਿਕਸਤ ਕਰਦੀ ਹੈ, ਤਾਂ ਇਹ ਗਰਭ ਵਿੱਚ ਬੱਚੇ ਨੂੰ ਵੀ ਮਿਲੇਗੀ। ਟੀਕੇ ਨਾਲ ਜੋ ਇਮਿਊਨਿਟੀ ਦਾ ਪ੍ਰਭਾਵ ਮਾਂ ਦੇ ਸਰੀਰ ਵਿੱਚ ਵਿਕਸਤ ਹੋਇਆ ਹੈ ਤਾਂ ਇਹ ਘੱਟੋ-ਘੱਟ ਜਨਮ ਤੱਕ ਬੱਚੇ ਵਿੱਚ ਰਹੇਗਾ।
ਡਾ. ਕੌਰ ਨੇ ਇਹ ਵੀ ਕਿਹਾ ਕਿ ਗਰਭਵਤੀ ਔਰਤਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਕੋਰੋਨਾ ਮਹਾਂਮਾਰੀ ਵਿਰੁੱਧ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।