ਕੌਮੀ ਜਜਬੇ ਅਤੇ ਉਤਸਾਹ ਨਾਲ ਮਨਾਇਆ ਗਿਆ ਜ਼ਿਲਾ ਪੱਧਰੀ ਅਜਾਦੀ ਦਿਹਾੜਾ

ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਲਹਿਰਾਇਆ ਤਿਰੰਗਾ
ਫਾਜ਼ਿਲਕਾ ਦਾ ਕਿਨੂੰ ਇਕ ਜ਼ਿਲਾ ਇਕ ਉਤਪਾਦ ਸਕੀਮ ਵਿਚ ਸ਼ਾਮਿਲ
ਫਾਜਿਲਕਾ, 15 ਅਗਸਤ,2021
ਫਾਜਿਲਕਾ ਵਿਖੇ ਅੱਜ 75ਵਾਂ ਅਜਾਦੀ ਦਿਵਸ ਕੌਮੀ ਜਜਬੇ ਅਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਤਿੰਰਗਾ ਲਹਿਰਾਉਣ ਦੀ ਰਸਮ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਨਿਭਾਈ। ਇਸ ਮੌਕੇ ਉਨਾਂ ਨਾਲ ਜ਼ਿਲੇ ਦੇ ਐਸ.ਐਸ.ਪੀ. ਸ੍ਰੀ ਦੀਪਕ ਹਿਲੌਰੀ ਵੀ ਹਾਜਰ ਸਨ।

ਇਸ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਨੇ ਦੇਸ਼ ਦੀ ਆਜਾਦੀ ਦੀ ਲੜਾਈ ਵਿਚ ਯੋਗਦਾਨ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਨਮਨ ਕੀਤਾ। ਉਨਾਂ ਨੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ 80 ਫੀਸਦੀ ਤੋਂ ਜਿਆਦਾ ਕੁਰਬਾਨੀਆਂ ਰਹੀਆਂ ਹਨ । ਉਨਾਂ ਕਿਹਾ ਕਿ ਅਜਾਦੀ ਤੋਂ ਬਾਅਦ ਵੀ ਚਾਹੇ ਦੇਸ਼ ਦੀਆਂ ਹੱਦਾਂ ਦੀ ਰਾਖੀ ਹੋਵੇ ਜਾਂ ਮੁਲਕ ਦੀ ਤਰੱਕੀ ਦੀ ਗੱਲ ਹੋਵੇ ਜਾਂ ਰਾਸ਼ਟਰ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਕਰਨਾ ਹੋਵੇ, ਪੰਜਾਬੀ ਹਮੇਸਾਂ ਅੱਗੇ ਹੀ ਰਹੇ ਹਨ।
ਉਨਾਂ ਨੇ ਇਸ ਮੌਕੇ ਕਰੋਨਾ ਯੋਧਿਆਂ ਦੇ ਯੋਗਦਾਨ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਟਾਕਰੇ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਅਬੋਹਰ ਤੋਂ ਬਾਅਦ ਫਾਜ਼ਿਲਕਾ ਅਤੇ ਜਲਾਲਾਬਾਦ ਵਿਖੇ ਆਕਸੀਜਨ ਪਲਾਂਟ ਲੱਗ ਰਹੇ ਹਨ ਜਦ ਕਿ ਜ਼ਿਲਾ ਹਸਪਤਾਲ ਅਤੇ ਕੈਂਸਰ ਕੇਅਰ ਸੈਂਟਰ ਦਾ ਵੀ 37 ਕਰੋੜ ਦੀ ਲਾਗਤ ਨਾਲ ਨਿਰਮਾਣ ਆਖਰੀ ਪੜਾਅ ਵਿਚ ਹੈ।

ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਜ਼ਿਲੇ ਦੇ ਕਿਨੂੰ ਨੂੰ ਭਾਰਤ ਸਰਕਾਰ ਨੇ ਇਕ ਜ਼ਿਲਾ ਇਕ ਉਤਪਾਦ ਸਕੀਮ ਤਹਿਤ ਚੁਣਿਆ ਹੈ। ਇਸ ਨਾਲ ਇਸਦੇ ਨਿਰਯਾਤ ਦੇ ਰਾਹ ਖੁੱਲਣਗੇ ਅਤੇ ਕਿਸਾਨਾਂ ਨੂੰ ਇਸ ਦਾ ਲਾਭ ਹੋਵੇਗਾ। ਇਸੇ ਤਰਾਂ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਪਿੰਡ ਕਿਲਿਆਂ ਵਾਲੀ ਵਿਚ 12 ਕਰੋੜ ਰੁਪਏ ਦੀ ਲਾਗਤ ਨਾਲ ਮੱਛੀ ਪੂੰਗ ਫਾਰਮ ਅਤੇ ਸੱਪਾਂ ਵਾਲੀ ਵਿਚ ਵੈਟਰਨਰੀ ਕਾਲਜ ਵੀ ਬਣ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਸ਼ਕ ਕਰੋਨਾ ਨੇ ਪੂਰੀ ਦੁਨੀਆਂ ਦੇ ਵਿਕਾਸ ਦੀ ਰਫਤਾਰ ਰੋਕ ਦਿੱਤੀ ਹੈ ਤੇ ਹੁਣ ਤੀਜੀ ਲਹਿਰ ਦਾ ਖਤਰਾ ਹੈ, ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ, ਬੁਨਿਆਦੀ ਢਾਂਚੇ, ਸ਼ਹਿਰੀ ਤੇ ਪਿੰਡਾਂ ਦੇ ਵਿਕਾਸ, ਸਿੱਖਿਆ, ਸਿਹਤ, ਸਨਅਤ, ਨਾਗਰਿਕ ਸੇਵਾਵਾਂ ਸਮੇਤ ਹਰ ਖੇਤਰ ਨੂੰ ਹੁਲਾਰਾ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਫਾਜ਼ਿਲਕਾ ਜ਼ਿਲੇ ਵਿਚ 691 ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਜ਼ਿਲੇ ਵਿਚ ਸਕੂਲੀ ਸਿੱਖਿਆ ਦੇ ਸੁਧਾਰ ਤੇ 67 ਕਰੋੜ ਰੁਪਏ ਖਰਚ ਕੀਤੇ ਗਏ ਹਨ। ਅਬੋਹਰ ਵਿਖੇ ਨਵਾਂ ਸਰਕਾਰੀ ਕਾਲਜ ਬਣ ਰਿਹਾ ਹੈ ।

ਇਸ ਮੌਕੇ ਪੁਲਿਸ, ਹੋਮਗਾਰਡ ਅਤੇ ਐਨਸੀਸੀ ਦੀਆਂ ਟੁਕੜੀਆਂ ਨੇ ਪ੍ਰੇਡ ਕਮਾਂਡਰ ਡੀਐਸਪੀ ਫਤਿਹ ਸਿੰਘ ਬਰਾੜ ਦੀ ਅਗਵਾਈ ਵਿਚ ਮਾਰਚ ਪਾਸਟ ਕੀਤਾ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਆਸਫਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਤੇ ਜਾ ਕੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਜ਼ਿਲੇ ਦੇ ਮਾਣਯੋਗ ਜ਼ਿਲਾ ਤੇ ਸੈਸਨ ਜੱਜ ਸ੍ਰੀ ਤਰਸੇਮ ਮੰਗਲਾ, ਸ: ਗੁਰਲਾਲ ਸਿੰਘ ਸੰਧੂ ਨੰਬਰਦਾਰ ਪਿੰਡ ਖੁੰੜਜ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭਿਜੀਤ ਕਪਲਿਸ਼, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਮਾਨ, ਜ਼ਿਲਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ, ਸ: ਸੁਖਵੰਤ ਸਿੰਘ ਬਰਾੜ, ਸ੍ਰੀ ਬੀਡੀ ਕਾਲੜਾ, ਸ੍ਰੀ ਵਿਜੈ ਪਾਲ ਸਿੰਘ, ਸ੍ਰੀ ਛਿੰਦਰ ਪਾਲ ਸਿੰਘ ਆਦਿ ਸਮੇਤ ਜ਼ਿਲੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ।

 

Spread the love