ਰੂਪਨਗਰ 5 ਅਗਸਤ 2021
ਝੋਨੇ ਦੀ ਸਿੱਧੀ ਬਿਜਾਈ ਦੀ ਅਹਿਮੀਯਤ ਬਾਰੇ ਜਾਗਰੂਕਤਾ ਵਧਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਇੰਟਰਨੈਸ਼ਨਲ ਰਾਇਸ ਰਿਸਰਚ ਇੰਸਟੀਚਿਊਟ (ਆਈ.ਆਰ.ਆਰ.ਆਈ) ਵਾਰਾਨਸੀ ਅਤੇ ਪੀ.ਏ.ਯੂ. ਲੁਧਿਆਣਾ ਦੇ ਸਹਿਯੋਗ ਨਾਲ ਮਿਤੀ 05 ਅਗਸਤ 2021 ਨੂੰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਡਾ. ਜੀ. ਐਸ. ਮੱਕੜ, ਡਿਪਟੀ ਡਾਇਰੈਕਟਰ, ਕੇ.ਵੀ.ਕੇ. ਰੋਪੜ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਸਾਇੰਸਦਾਨਾਂ ਅਤੇ ਵੱਖ ਵੱਖ ਪਿੰਡਾਂ ਤੋਂ 50 ਕਿਸਾਨਾਂ ਨੇ ਭਾਗ ਲਿਆ।
ਡਾ. ਮੱਕੜ ਨੇ ਸਾਇੰਸਦਾਨਾਂ ਅਤੇ ਕਿਸਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਦੇ ਸੰਦਰਭ ਵਿੱਚ ਜ਼ਿਲ਼੍ਹਾ ਰੋਪੜ ਦੀਆਂ ਪੁਲਾਂਘਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਉਹਨਾਂ ਜ਼ਿਲ਼੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀਆਂ ਭਵਿੱਖ ਵਿੱਚ ਸੰਭਾਵਨਾਵਾਂ ਬਾਰੇ ਦੱਸਿਆ। ਡਾ. ਮੱਕੜ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇਸ ਤਕਨੀਕ ਨਾਲ ਲਾਈਆਂ ਗਈਆਂ ਸਫਲ ਪ੍ਰਦਰਸ਼ਨੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਆਈ.ਆਰ.ਆਰ.ਆਈ. ਤੋਂ ਆਏ ਹੋਏ ਮਾਹਿਰ ਡਾ. ਪਰਦੀਪ ਸਾਗਵਾਲ ਨੇ ਇਸ ਤਕਨੀਕ ਨੂੰ ਸਫਲ ਬਨਾਉਣ ਲਈ ਕਿਸਾਨਾਂ ਦੀ ਸਿਖਲਈ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਜ਼ਿਲ਼੍ਹਾ ਰੋਪੜ ਦੀਆਂ ਸਥਾਨਿਕ ਸਥਿਤੀਆਂ ਮੁਤਾਬਿਕ ਵੱਖ ਵੱਖ ਤਰ੍ਹਾਂ ਦੀਆਂ ਚੁਨੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਆਈ.ਆਰ.ਆਰ.ਆਈ. ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਚੱਲ ਰਹੇ ਵੱਖ-ਵੱਖ ਖੋਜ ਪ੍ਰੋਗਰਾਮਾਂ ਤੇ ਵੀ ਚਾਨਣਾ ਪਾਇਆ।
ਪੰਜਾਬ ਐਗਰੀਕਲਚਲਰ ਯੂਨੀਵਰਸਿਟੀ, ਲੁਧਿਆਣਾ ਤੋਂ ਡਾ. ਬੂਟਾ ਸਿੰਘ ਢਿਲੋਂ (ਐਗਰੌਨੋਮਿਸਟ) ਨੇ ਝੋਨੇ ਦੀ ਸਿੱਧੀ ਬਿਜਾਈ ਦੀਆਂ ਤਕਨੀਕੀ ਸੇਧਾਂ ਦੀ ਤਫਸੀਲ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ।
ਸਮਾਗਮ ਦਾ ਮੁੱਖ ਆਕਰਸ਼ਨ ਕਿਸਾਨਾਂ ਅਤੇ ਵਿਗਿਆਨੀਆਂ ਦਾ ਆਪਸੀ ਵਿਚਾਰ ਵਟਾਂਦਰਾ ਰਿਹਾ ਜਿਸ ਵਿੱਚ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪਾਣੀ ਦੇ ਸੰਕਟ ਤੋਂ ਬਚਾਅ ਲਈ ਸਿੱਧੀ ਬਿਜਾਈ ਦੀ ਤਕਨੀਕ ਨੂੰ ਸਫਲ ਬਨਾਉਣ ਦਾ ਪ੍ਰਣ ਲਿਆ।
ਇਸ ਤੋਂ ਇਲਾਵਾ ਆਈ.ਆਰ.ਆਰ. ਆਈ. ਤੋਂ ਸ਼੍ਰੀ. ਸੁਮਿਤ ਸੋਨੀ; ਬਾਯੇਅਰ ਕੰਪਨੀ ਤੋਂ ਸ਼੍ਰੀ ਰਾਜੇਸ਼ ਰਾਠੀ ਅਤੇ ਵਿਕਰਮ ਮਲਿਕ; ਅੰਬੂਜਾ ਸੀਮੇਂਟ ਫਾਊੰਡੇਸ਼ਨ ਤੋਂ ਸ਼੍ਰੀ ਵਿਸ਼ਨੂੰ ਤ੍ਰਿਵੇਦੀ ਅਤੇ ਰਾਕੇਸ਼ ਮਰਵਾਹਾ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਮੋਕੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਵਿਗਿਆਨੀਆਂ ਡਾ. ਅਪਰਨਾ, ਡਾ. ਪਵਨ ਕੁਮਾਰ, ਮਿਸ ਅੰਕੁਰਦੀਪ ਪ੍ਰੀਤੀ ਅਤੇ ਡਾ. ਪ੍ਰਿੰਸੀ ਨੇ ਪੀ.ਏ.ਯੂ. ਦੁਆਰਾ ਸਿਫਾਇਸ਼ ਨਵੇਕਲੀਆਂ ਤਕਨੀਕਾਂ ਸੰਬੰਧੀ ਇਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ।
ਅੰਤ ਵਿੱਚ ਡਾ. ਮੱਕੜ ਨੇ ਸਾਰੇ ਮਾਹਿਰਾਂ ਅਤੇ ਕਿਸਾਨਾਂ ਦਾ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ।