ਪਟਿਆਲਾ , 17 ਜਨਵਰੀ 2025
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮਹਾਨ ਦੇਸ ਭਗਤ ਬਾਬਾ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਦੇ ਜਬਰ, ਜੁਲਮ ਅਤੇ ਜਾਬਰ ਰਾਜ ਨੂੰ ਖਤਮ ਕਰਕੇ ਦੇਸ ਨੂੰ ਅਜ਼ਾਦ ਕਰਵਾਕੇ ਭਾਰਤ ਅੰਦਰ ਸਵਰਾਜ ਸਥਾਪਤ ਕਰਨ ਹਿਤ 13 ਅਪ੍ਰੈਲ 1861 ਈ. ਵਿਚ ਵਿਸਾਖੀ ਦੇ ਦਿਨ ਨਾਮਧਾਰੀ ਸੰਪਰਦਾਇ ਦਾ ਗਠਨ ਕੀਤਾ, ਜਿਸ ਨਾਲ ਦੇਸ ਅੰਦਰ ਨਾ-ਮਿਲਵਰਤਨ ਅਤੇ ਸਵਦੇਸੀ ਦੀ ਲਹਿਰ ਪੂਰੇ ਜ਼ੋਰ ਸ਼ੋਰ ਨਾਲ ਅਰੰਭ ਦਿਤੀ ਤੇ ਸਾਡੇ ਦੇਸ ਅੰਦਰ ਆਪਣਾ ਸੂਬਾ ਸਥਾਪਤ ਕਰ ਦਿਤਾ, ਜਿਸ ਨਾਲ ਅੰਗਰੇਜ਼ ਸਰਕਾਰ ਦਾ ਰਾਜਸੀ ਸਿੰਘਾਸਣ ਡੋਲਣ ਲਗਾ।
ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੇ ਬੜੇ ਨਰੋਏ ਅੰਗ ਨਾਮਧਾਰੀ ਸਿੰਘਾਂ ਨੇ ਦੇਸ਼ ਤੇ ਕੌਮ ਲਈ 66 ਨਾਮਧਾਰੀ ਸਿੰਘਾਂ (ਕੂਕੇ) ਨੇ ਮਹਾਨ ਕੁਰਬਾਨੀ ਤੇ ਸ਼ਹੀਦੀ ਦੇ ਕੇ ਅੰਗਰੇਜ਼ ਸਰਕਾਰ ਅਤੇ ਮਲੇਰਕੋਟਲਾ ਦੇ ਨਵਾਬ ਨੂੰ ਝੁਕਾ ਕੇ ਉਸ ਦੇ ਹੰਕਾਰ ਨੂੰ ਤੋੜਿਆ, ਤੇ ਇਨ੍ਹਾਂ ਨਾਮਧਾਰੀ ਸ਼ਹੀਦਾਂ ਦੀ ਪੰਥ ਨੂੰ ਹਮੇਸ਼ਾ ਹਰ ਸਾਲ ਵੱਡੇ ਪੱਧਰ ਤੇ ਯਾਦ ਮਨਾਉਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਵਾਬ ਮਲੇਰਕੋਟਲਾ ਦੇ ਹੁਕਮਾਂ ਨਾਲ ਲੁਧਿਆਣਾ ਦੇ ਤਤਕਾਲੀਨ ਡਿਪਟੀ ਕਮਿਸ਼ਨਰ ਮਿਸਟਰ ਕੁਵਨ ਦੇ ਹੁਕਮ ਨਾਲ ਮਲੇਰਕੋਟਲਾ (ਜਮਾਲਪੁਰ ਦੇ ਕਲਰ) ਵਿਚ 17 ਜਨਵਰੀ 1872 ਈ. ਨੂੰ ਪਹਿਲਾਂ 50 ਅਤੇ ਫਿਰ 16 ਕੂਕਿਆਂ (ਭਾਵ 66) ਨੂੰ ਬਗਾਵਤ ਦੇ ਦੋਸ਼ ਵਿਚ ਕਾਤਲ ਕਰਾਰ ਦੇ ਕੇ ਤੋਪਾਂ ਨਾਲ ਉਡਾ ਕੇ ਸ਼ਹੀਦ ਕਰ ਦਿਤਾ, ਜਿਨ੍ਹਾਂ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਸੀ ਜੋ ਤੋਪਾਂ ਦੇ ਸਾਹਮਣੇ ਨਾ ਆਉਣ ਕਾਰਨ ਇੱਟਾਂ ਦਾ ਥੜਾ ਬਣਾ ਕੇ ਉਸ ਉਪਰ ਖੜ੍ਹਾ ਹੋ ਗਿਆ ਤੇ ਉਹ ਵੀ ਤੋਂ ਤੋਪਾਂ ਦੇ ਅੱਗੇ ਆ ਕੇ ਗੋਲਿਆਂ ਨਾਲ ਸ਼ਹੀਦ ਹੋ ਗਿਆ। ਉਹਨਾਂ ਕਿਹਾ ਕਿ ਦੇਸ਼ ਤੇ ਕੌਮ ਲਈ 66 ਨਾਮਧਾਰੀ ਸਿੰਘਾਂ ਨੇ ਕੁਰਬਾਨੀ ਦਿੱਤੀ ਜੋ ਕਿ ਇੱਕ ਵੱਡੀ ਕੁਰਬਾਨੀ ਹੈ ।
ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਿੱਖ ਪੰਥ ਸ਼ਾਨਾਮੱਤੀ ਇਤਿਹਾਸ ਨਾਲੋਂ ਟੁੱਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਫਰਜ਼ ਪਛਾਣਦਿਆਂ ਹੋਇਆਂ ਹਰ ਸਾਲ ਕੂਕਾ ਲਹਿਰ ਦੇ ਸ਼ਹੀਦਾਂ ਦੀ ਯਾਦ ਮਨਾਉਣੀ ਚਾਹੀਦੀ ਹੈ, ਜਦੋਂ ਕਿ ਉਨ੍ਹਾਂ ਵੱਲੋਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਾਰਜਕਾਲ ਦੌਰਾਨ ਸ਼ਹੀਦ ਕੂਕਿਆਂ ਦੀ ਸਹੀਦੀ ਯਾਦ ਮਨਾਈ ਸੀ।