ਖੁਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ ਤਹਿਤ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਖੇਤ ਦਿਵਸ ਪਿੰਡ ਅਸਮਾਨਪੁਰ ਵਿਖੇ ਲਗਾਇਆ ਗਿਆ ਕੈਪ

ਰੂਪਨਗਰ, 22 ਜੁਲਾਈ 2021
ਖੁਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ (K 3 P) ਸਕੀਮ ਅਧੀਨ ਡਾ. ਅਵਤਾਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਖੇਤ ਦਿਵਸੋ ਪਿੰਡ ਅਸਮਾਨਪੁਰ ਵਿਖੇ ਲਗਾਇਆ ਗਿਆ, ਜਿਸ ਵਿੱਚ ਪਿੰਡ ਅਸਮਾਨਪੁਰ, ਬਹਿਰਾਮਪੁਰ ਜਿਮੀਂਦਾਰੀ, ਸੋਲਖੀਆਂ ਅਤੇ ਪੱਥਰ ਮਾਜਰਾ ਆਦਿ ਦੇ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਤੇ ਸ੍ਰ਼ੀ ਰਾਕੇਸ਼ ਕੁਮਾਰ ਸ਼ਰਮਾ, ਖੇਤੀਬਾੜੀ ਅਫਸਰ ਅਤੇ ਸ੍ਰ਼ੀ ਗੁਰਕ੍ਰਿਪਾਲ ਸਿੰਘ ਬਾਲਾ, ਖੇਤੀਬਾੜੀ ਵਿਕਾਸ ਅਫਸਰ, ਰੂਪਨਗਰ ਦੀ ਟੀਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਨੁਕਤੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਸਾਂਝੇ ਕੀਤੇ ਗਏ। ਕਿਸਾਨਾਂ ਨੂੰ ਵੱਖ-ਵੱਖ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਵਾਇਆ ਗਿਆ ਅਤੇ ਛੋਟੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਫੈਰਿਸ ਸਲਫੇਟ ਅਤੇ ਜਿੰਕ ਸਲਫੇਟ ਦਾ ਸਮੇਂ ਸਿਰ ਸਪਰੇਅ ਕਰਕੇ ਕਾਬੂ ਕਰਨ ਲਈ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਅਸਮਾਨਪੁਰ ਦੇ ਸਰਪੰਚ ਸ੍ਰੀ ਭਿੰਦਰ ਸਿੰਘ ਦੇ ਖੇਤਾਂ ਜਿਨ੍ਹਾਂ ਨੇ 15 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਨੇ ਪੇਸ਼ ਆਈਆਂ ਮੁਸ਼ਕਿਲਾਂ ਬਾਰੇ ਵਿਭਾਗ ਦੇ ਮਾਹਿਰਾਂ ਕੋਲੋਂ ਜਾਣਕਾਰੀ ਲਈ ਤੇ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਉਨ੍ਹਾਂ ਨੇ 15 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਜਿਸ ਦਾ ਝਾੜ ਰਵਾਇਤੀ ਝੋਨੇ ਦੇ ਬਰਾਬਰ ਆਇਆ ਪਰ ਇਸ ਵਿੱਚ ਖਰਚਾ ਕਾਫੀ ਘੱਟ ਆਇਆ ਸੀ।ਝੋਨੇ ਦੀ ਸਿੱਧੀ ਬਿਜਾਈ ਤੋਂ ਬਾਅਦ ਬੀਜੀ ਕਣਕ ਦਾ ਝਾੜ ਰਵਾਇਤੀ ਝੋਨੇ ਤੋਂ ਬਾਅਦ ਬੀਜੀ ਕਣਕ ਤੋਂ ਵੱਧ ਆਇਆ। ਇਸ ਕਰਕੇ ਕਿਸਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਖਰੀਦ ਕਰਕੇ ਨਾਲ ਦੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਸਿੱਧੀ ਬਿਜਾਈ ਕੀਤੀ। ਇਸ ਮੌਕੇ ਕਿਸਾਨ ਸ੍ਰ਼ੀ ਜਸਪਾਲ ਸਿੰਘ, ਸ੍ਰ਼ੀ ਹਰਪਾਲ ਸਿੰਘ ਅਤੇ ਸ੍ਰ਼ੀ ਭੁਪਿੰਦਰ ਸਿੰਘ ਵੱਲੋਂ ਆਪਣੇ ਖੇਤਾਂ ਦਾ ਦੌਰਾ ਕਰਵਾਇਆ ਗਿਆ। ਮੌਕੇ ਤੇ ਹਾਜ਼ਰ ਕਿਸਾਨਾਂ ਨੇ ਬੜੀ ਉਤਸੁਕਤਾ ਨਾਲ ਝੋਨੇ ਦੀ ਸਿੱਧੀ ਬਿਜਾਈ ਬਾਰੇ ਆਪਣੇ ਸ਼ੰਕੇ ਦੂਰ ਕੀਤੇ ਤੇ ਭਵਿੱਖ ਵਿੱਚ ਇਸ ਨੂੰ ਅਪਣਾਉਣ ਦਾ ਤਹਈਆ ਕੀਤਾ।