ਖੁੰਬਾਂ ਦੀ ਕਾਸ਼ਤ ‘ਚ ਪਰਾਲੀ ਦੀ ਵਰਤੋਂ ਕਰਕੇ ਹੋਰਨਾਂ ਲਈ ਰਾਹ ਦਸੇਰਾ ਬਣਿਆ ਪਿੰਡ ਮੀਰਾਂਪੁਰ ਦਾ ਕਿਸਾਨ ਸੁਖਦੇਵ ਸਿੰਘ

ਖੁੰਬਾਂ ਦੀ ਕਾਸ਼ਤ 'ਚ ਪਰਾਲੀ ਦੀ ਵਰਤੋਂ ਕਰਕੇ ਹੋਰਨਾਂ ਲਈ ਰਾਹ ਦਸੇਰਾ ਬਣਿਆ ਪਿੰਡ ਮੀਰਾਂਪੁਰ ਦਾ ਕਿਸਾਨ ਸੁਖਦੇਵ ਸਿੰਘ

-2 ਏਕੜ ਰਕਬੇ ‘ਚ ਖੁੰਭਾਂ ਦੀ ਪੈਦਾਵਾਰ ਕਰਕੇ ਰਵਾਇਤੀ ਫਸਲਾਂ ਨਾਲੋਂ ਵੱਧ ਕਮਾਈ ਹੋਈ : ਸੁਖਦੇਵ ਸਿੰਘ
-ਪਰਾਲੀ ਦੀ ਵਰਤੋਂ ਖੁੰਬਾਂ ਲਈ ਬਣਾਈਆਂ ਝੁੱਗੀਆਂ ‘ਚ ਤੂੜੀ ਨਾਲ ਕਰਕੇ ਖਰਚੇ ‘ਚ ਆਈ ਕਮੀ
ਪਟਿਆਲਾ, 23 ਅਕਤੂਬਰ:
ਪਟਿਆਲਾ ਜ਼ਿਲ੍ਹੇ ਦੇ ਪਿੰਡ ਮੀਰਾਂਪੁਰ ਦਾ ਕਿਸਾਨ ਸੁਖਦੇਵ ਸਿੰਘ ਜਿੱਥੇ ਪਿਛਲੇ ਕਰੀਬ 9 ਸਾਲਾਂ ਤੋਂ ਪਰਾਲੀ ਨਹੀਂ ਸਾੜ ਰਿਹਾ ਉਥੇ ਹੀ ਉਹ ਇਸ ਪਰਾਲੀ ਦੀ ਵਰਤੋਂ ਖੁੰਭਾਂ ਦੀ ਕਾਸ਼ਤ ਲਈ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆਂ ਹੋਇਆ ਹੈ।
ਪੰਜਾਬ ਸਰਕਾਰ ਦੇ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਸੋਲਨ ਤੋਂ ਖੁੰਭਾਂ ਉਗਾਉਣ ਦੀ ਸਿਖਲਾਈ ਹਾਸਲ ਕਰਕੇ ਖੁੰਭਾਂ ਦੀ ਸੀਜ਼ਨਲ ਖੇਤੀ ਕਰਕੇ ਲਾਭ ਲੈਣ ਵਾਲੇ ਇਸ ਅਗਾਂਹਵਧੂ ਕਿਸਾਨ ਨੇ ਹੁਣ ਖੁੰਭਾਂ ਦਾ ਕੰਮ ਸਾਰਾ ਸਾਲ ਏਅਰ ਕੰਡੀਸ਼ਨਰ ਸ਼ੈਡ ਪਾ ਕੇ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਉਸਨੇ 21 ਲੱਖ ਰੁਪਏ ਨਾਲ ਕਪੋਸ਼ਟ ਮੈਕਿੰਗ ਯੂਨਿਟ ਬਣਾਇਆ ਜਿਸ ‘ਤੇ 8 ਲੱਖ ਰੁਪਏ ਦੀ ਸਬਸਿਡੀ ਪ੍ਰਾਪਤ ਹੋਈ ਹੈ।
9 ਸਾਲ ਪਹਿਲਾਂ ਸੁਖਦੇਵ ਸਿੰਘ ਨੇ 2 ਝੁੱਗੀਆਂ ਤੋਂ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ 2 ਏਕੜ ਜਮੀਨ ‘ਚ 22 ਝੁੱਗੀਆਂ ਪਾ ਕੇ ਪੈਦਾ ਕੀਤੀ ਖੁੰਭ ਨੂੰ ਲੁਧਿਆਣਾ ਤੇ ਜਲੰਧਰ ਮੰਡੀ ‘ਚ ਵੇਚਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਉਸਨੇ ਦੱਸਿਆ ਕਿ ਉਹ ਆਪਣੀ 9 ਏਕੜ ਜਮੀਨ ਦੀ ਪਰਾਲੀ ਤਾਂ ਇਸ ਖੁੰਭ ਫਾਰਮ ਲਈ ਵਰਤ ਹੀ ਰਿਹਾ ਹੈ ਸਗੋਂ ਨੇੜਲੇ ਕਿਸਾਨਾਂ ਦੇ ਖੇਤਾਂ ਦੀ ਪਰਾਲੀ ਵੀ ਲੈ ਕੇ ਖੁੰਭਾਂ ਦੀ ਕਾਸ਼ਤ ਲਈ ਵਰਤ ਰਿਹਾ ਹੈ, ਕਿਉਂਕਿ 1 ਝੁੱਗੀ ‘ਚ 60 ਕੁਇੰਟਲ ਕੰਪੋਸਟ ਲੱਗ ਜਾਂਦੀ ਹੈ ਤੇ ਇਸ ਤੋਂ ਕਰੀਬ 30 ਕੁਇੰਟਲ ਔਸਤ ਖੁੰਭ ਪੈਦਾ ਹੁੰਦੀ ਹੈ।
ਸੁਖਦੇਵ ਸਿੰਘ ਮੁਤਾਬਕ ਉਹ ਅਗਸਤ ‘ਚ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਅਤੇ ਅਕਤੂਬਰ-ਨਵੰਬਰ ‘ਚ ਕਾਸ਼ਤ ਪੂਰੇ ਜੋਬਨ ‘ਤੇ ਹੁੰਦੀ ਹੈ ਅਤੇ ਇਹ ਕੰਮ ਮਾਰਚ ਮਹੀਨੇ ਤੱਕ ਚੱਲਦਾ ਹੈ। ਉਸ ਮੁਤਾਬਕ ਖਰਚੇ ਕੱਢ ਕੇ ਖੁੰਬਾਂ ਦੀ ਕਾਸ਼ਤ ਤੋਂ ਰਵਾਇਤੀ ਫਸਲਾਂ ਦੇ ਮੁਕਾਬਲੇ ਚੰਗੀ ਆਮਦਨ ਹੋ ਜਾਂਦੀ ਹੈ ਅਤੇ ਮਾਰਕੀਟਿੰਗ ਦੀ ਵੀ ਕੋਈ ਸਮੱਸਿਆ ਨਹੀਂ ਹੈ।
ਸੁਖਦੇਵ ਸਿੰਘ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਕਰਨ ਲਈ ਵਧੇਰੇ ਜਗ੍ਹਾ ਦੀ ਲੋੜ ਨਹੀਂ ਪੈਂਦੀ ਅਤੇ ਸਰਦੀਆਂ ਵਿੱਚ ਝੁੱਗੀਆਂ ਬਣਾ ਕੇ ਕਾਸ਼ਤ ਕੀਤੀ ਜਾ ਸਕਦੀ ਹੈ। ਜਿਸ ਨਾਲ ਖੁੰਬ ਉਤਪਾਦਕ ਸੀਜ਼ਨਲ ਖੁੰਬਾਂ ਦੀ ਫਸਲ ਲੈ ਸਕਦੇ ਹਨ। ਉਸਨੇ ਦੱਸਿਆ ਕਿ ਖੁੰਭਾਂ ਦੀ ਕਾਸ਼ਤ ਲਈ ਪਹਿਲਾਂ ਦੇਸੀ ਰੂੜੀ ਤਿਆਰ ਕਰਦਾ ਹੈ ਤੇ ਫਿਰ ਚੰਗੀ ਨਸਲ ਦੀ ਖੁੰਭ ਦਾ ਬੀਜ ਬੀਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖੁੰਭਾਂ ਖੁਰਾਕੀ ਤੱਤਾਂ ਦਾ ਖਜ਼ਾਨਾ ਹੈ ਅਤੇ ਇਸ ਨੂੰ ਹਰ ਉਮਰ ਵਰਗ ਦਾ ਇਨਸਾਨ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾ ਸਕਦਾ ਹੈ।

Spread the love