ਨਸ਼ਿਆਂ ਦੇ ਖਾਤਮੇ ਲਈ ਜਨਹਿਤ ਨੂੰ ਦਿੱਤਾ ਸੁਨੇਹਾ
ਫਾਜ਼ਿਲਕਾ 11 ਅਗਸਤ 2024
ਫਾਜ਼ਿਲਕਾ ਨੂੰ ਹਰਾ ਭਰਾ ਬਣਾਉਣ ਲਈ ਚਲਾਈ ਮੁਹਿੰਮ ਤਹਿਤ ਖੁਸ਼ੀ ਫਾਊਂਡਏਸ਼ਨ ਦੀ ਪ੍ਰਧਾਨ ਖੁਸ਼ਬੂ ਸਾਵਨਸੁੱਖਾ ਸਵਨਾ ਧਰਮਪਤਨੀ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਬੱਤੀਆਂ ਵਾਲੇ ਚੌਕ ਤੋਂ ਲੈ ਕੇ ਕੈਂਟ ਰੋਡ ਤੱਕ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਨਾਲ ਨੌਜਵਾਨ ਸਮਾਜ ਸੇਵਾ ਸਭਾ ਦੇ ਪ੍ਰਧਾਨ ਲਵਲੀ ਵਾਲਮੀਕਿ ਤੇ ਉਨ੍ਹਾਂ ਦੀ ਟੀਮ ਨਾਲ ਮੌਜੂਦ ਸੀ।
ਇਸ ਮੌਕੇ ਸ੍ਰੀਮਤੀ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਖੁਸ਼ੀ ਫਾਉਂਡੇਸ਼ਨ ਵੱਲੋਂ ਹਲਕੇ ਵਿਚ 3 ਲੱਖ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਹਵਾ ਤੇ ਹਰਿਆ ਭਰਿਆ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਨਾ ਕੇਵਲ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਬਲਕਿ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬੂਟੇ ਵੱਡੇ ਹੋ ਕੇ ਦਰੱਖਤ ਬਣਕੇ ਜਿੱਥੇ ਵਾਤਾਵਰਨ ਵਿੱਚ ਤਪਸ ਨੂੰ ਘਟਾਉਣਗੇ ਉੱਥੇ ਹੀ ਕੋਈ ਵੀ ਇਨ੍ਹਾਂ ਦੀ ਠੰਡੀ ਛਾਂ ਦਾ ਵੀ ਆਨੰਦ ਲੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਰੇ ਲੋਕ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੌਦੇ ਲਗਾਉਣਗੇ ਤਾਂ ਸਾਡਾ ਵਾਤਾਵਰਣ ਬਿਮਾਰੀਆਂ ਤੋਂ ਮੁਕਤ ਹੋਵੇਗਾ ਅਤੇ ਹਰਿਆ ਭਰਿਆ ਵੀ ਬਣੇਗਾ।
ਉਨ੍ਹਾਂ ਸਮੂਹ ਹਾਜ਼ਰੀਨ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਦਿਆ ਕਿਹਾ ਕਿ ਇਸ ਭੈੜੀ ਕੁਰੀਤੀ ਤੋਂ ਸਾਡੀ ਨੋਜਵਾਨ ਪੀੜੀ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਮੌਤ ਦਾ ਕਾਰਨ ਬਣਦੇ ਹਨ, ਇਸ ਲਈ ਇਸ ਭੈੜੀ ਬਿਮਾਰੀ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਸਗੋਂ ਖੇਡਾਂ ਨਾਲ ਸਾਂਝ ਪਾਉਂਣੀ ਚਾਹੀਦੀ ਹੈ ਤੇ ਖੇਡਾਂ ਵਿਚ ਆਪਣਾ ਨਾਮ ਕਮਾਉਂਦੇ ਹੋਏ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਉ ਅਸੀਂ ਸਾਰੇ ਨਸ਼ਿਆਂ ਖਿਲਾਫ ਇਕਜੁਟ ਹੋ ਕੇ ਲੜੀਏ ਤੇ ਨਸ਼ੇ ਨੂੰ ਖਤਮ ਕਰੀਏ।
ਇਸ ਮੌਕੇ ਬਲਾਕ ਪ੍ਰਧਾਨ ਅਲਕਾ ਜੁਨੇਜਾ, ਬਿੱਟੂ ਸੇਤੀਆ ਆਪ ਆਗੂ, ਵਿਨੀਤਾ ਗਾਂਧੀ ਹਲਕਾ ਪ੍ਰਧਾਨ ਮਹਿਲਾ ਵਿੰਗ, ਬਬਲੀ ਰਿਵਾੜੀਆ ਆਦਿ ਮੌਜੂਦ ਸਨ।