![Navdeep Kumar Navdeep Kumar](https://newsmakhani.com/wp-content/uploads/2024/08/Navdeep-Kumar-696x392.jpg)
ਰੂਪਨਗਰ, 30 ਅਗਸਤ 2024
ਉਪ ਮੰਡਲ ਮੈਜਿਟਰੇਟ, ਰੂਪਨਗਰ ਨਵਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਬਲਾਕ ਰੂਪਨਗਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਸਬੰਧ ਵਿਚ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਰੂਪਨਗਰ ਵਲੋਂ ਸਮੂਹ ਵਿਭਾਗਾਂ ਨੂੰ ਦੱਸਿਆ ਗਿਆ ਕਿ ਖੇਡ ਵਤਨ ਪੰਜਾਬ ਦੀਆ-2024 ਬਲਾਕ ਰੂਪਨਗਰ ਵਿੱਚ 3 ਥਾਵਾਂ ਜਿਸ ਵਿੱਚ ਨਹਿਰੂ ਸਟੇਡਿਅਮ, ਰੂਪਨਗਰ, ਸਰਕਾਰੀ ਕਾਲਜ ਰੂਪਨਗਰ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵਿਖੇ ਮਿਤੀ 2 ਸਤੰਬਰ ਤੋਂ 4 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਸਮ ਨੂੰ ਮੁੱਖ ਰੱਖਦੇ ਹੋਏ ਜਾਂ ਟੀਮਾਂ ਦੀ ਐਂਟਰੀ ਜਿਆਦਾ ਹੋਣ ਕਾਰਨ ਦਿਨਾਂ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2024 ਬਲਾਕ ਰੂਪਨਗਰ ਵਿੱਚ ਐਥਲੇਟਿਕਸ, ਵਾਲੀਬਾਲ, ਫੁੱਟਬਾਲ, ਕਬੱਡੀ (ਸਰਕਰਲ ਸਟਾਈਲ ਤੇ ਨੈਸ਼ਨਲ ਸਟਾਈਲ) ਅਤੇ ਖੋ-ਖੋ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਐਸ.ਡੀ.ਐਮ. ਵੱਲੋਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਮਿਤੀ 2 ਸਤੰਬਰ ਤੋਂ ਪਹਿਲਾਂ-ਪਹਿਲਾਂ ਖੇਡਾਂ ਦੀ ਤਿਆਰੀਆਂ ਸਬੰਧੀ ਸਾਰੇ ਕੰਮ ਮੁਕੰਮਲ ਕਰ ਲਏ ਜਾਣ ਤਾਂ ਜੋ ਖਿਡਾਰੀਆਂ ਆਮ ਜਨਤਾ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਪੇਸ਼ ਆਵੇ।
ਉਨ੍ਹਾਂ ਕਿਹਾ ਕਿ ਗਰਾਉਂਡ ਵਿੱਚ ਪਹੁੰਚਣ ਵਾਲੇ ਖਿਡਾਰੀਆਂ ਲਈ ਰਿਫਰੈਸਮੈਂਟ, ਪੀਣ ਵਾਲੇ ਪਾਣੀ. ਚੇਂਜਿੰਗ ਰੂਮ ਅਤੇ ਪਖਾਨਿਆਂ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੀਟਿੰਗ ਵਿੱਚ ਪੁਲਿਸ ਵਿਭਾਗ, ਖੇਡ ਵਿਭਾਗ, ਨਗਰ ਕੌਂਸਲ, ਬੀ.ਡੀ.ਪੀ.ਓ. ਸਿੱਖਿਆ ਵਿਭਾਗ, ਲੋਕ ਨਿਰਮਾਣ ਵਿਭਾਗ, ਅਤੇ ਮਾਰਕਿਟ ਕਮੇਟੀ ਵਿਭਾਗ ਤੋਂ ਅਧਿਕਾਰੀ ਸ਼ਾਮਿਲ ਸਨ।