ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਗਸਤ, 2024
ਡਿਪਟੀ ਕਮਿਸ਼ਨਰ, ਐੱਸ ਏ ਐੱਸ ਨਗਰ ਦੀ ਰਹਿਨੁਮਾਈ ਹੇਠ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ, ਐੱਸ ਏ ਐੱਸ ਨਗਰ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੁੱਖ ਖੇਤੀਬਾੜੀ ਅਫਸਰ ਵੱਲੋਂ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁਡੀਆਂ ਵੱਲੋਂ ਖੇਤੀਬਾੜੀ ਅਧਿਕਾਰੀਆਂ ਨੂੰ ਜੋ ਆਦੇਸ਼ ਜਾਰੀ ਹੋਏ ਹਨ ਕਿ ਹਫਤੇ ਵਿੱਚ 2 ਦਿਨ ਉਹ ਪਿੰਡ ਪੱਧਰ ‘ਤੇ ਜਾ ਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ, ਦੀ ਸਖਤੀ ਨਾਲ ਪਾਲਣਾ ਕੀਤੀ ਜਾਣ ਬਾਰੇ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਪਿਛਲੇ ਹਫਤੇ ਦੌਰਾਨ 64 ਪਿੰਡਾਂ ਅਤੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਅਧਿਕਾਰੀਆਂ ਨੂੰ ਚਾਲੂ ਸਾਲ ਦੌਰਾਨ ਪਰਾਲੀ ਪ੍ਰਬੰਧਨ ਲਈ ਸਰਕਾਰ ਦੁਆਰਾ ਸਬਸਿਡੀ ‘ਤੇ ਦਿੱਤੀ ਜਾ ਰਹੀ ਮਸ਼ੀਨਰੀ ਖਰੀਦ ਕਰਨ ਲਈ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ, ਜਿਸ ਨਾਲ ਵੱਧ ਤੋਂ ਵੱਧ ਮਸ਼ੀਨਰੀ ਨਾਲ ਜ਼ਿਲ੍ਹੇ ਵਿੱਚ ਪਰਾਲੀ ਦੀ ਪ੍ਰਬੰਧ ਹੋ ਸਕੇ ਅਤੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਜਿਆਦਾ ਤੋਂ ਜਿਆਦਾ ਪਿੰਡ ਪੱਧਰੀ ਅਤੇ ਬਲਾਕ ਪੱਧਰੀ ਕੈਂਪ ਲਗਾਏ ਜਾਣ।
ਬਲਾਕ ਅਫਸਰਾਂ ਵੱਲੋਂ ਦੱਸਿਆ ਗਿਆ ਕਿ ਸਰਫੇਸ ਸੀਡਰ ਮਸ਼ੀਨ ਨਾਲ ਵੀ ਪਰਾਲੀ ਸੰਭਾਲ ਵਿੱਚ ਬਹੁਤ ਮੱਦਦ ਮਿਲੇਗੀ। ਮੁੱਖ ਖੇਤੀਬਾੜੀ ਅਫਸਰ, ਵੱਲੋਂ ਦੱਸਿਆ ਗਿਆ ਕਿ ਚੋਣ ਜ਼ਾਬਤੇ ਦੌਰਾਨ ਸਬਸਿਡੀ ਤੇ ਮਸ਼ੀਨਰੀ ਖਰੀਦ ਕਰਨ ਵਾਲੇ ਕਿਸਾਨਾਂ ਦੀ ਜੋ ਸਬਸਿਡੀ ਦੀ ਰਕਮ 1.20 ਕਰੋੜ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਜਾ ਸਕੀ ਸੀ, ਉਹ ਵੀ ਪਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ, ਐੱਸ ਏ ਐੱਸ ਨਗਰ ਵੱਲੋਂ ਅਧਿਕਾਰੀਆਂ ਨੂੰ ਪੀ ਐੱਮ ਕਿਸਾਨ ਸਨਮਾਨ ਨਿੱਧੀ ਯੋਜਨਾ ਤਹਿਤ ਪਿੰਡ ਪੱਧਰ ਤੇ ਜਾ ਕੇ ਕਿਸਾਨਾਂ ਦੀ ਈ-ਕੇ ਵਾਈ ਸੀ, ਫਿਜੀਕਲ ਵੈਰੀਫਿਕੇਸ਼ਨ ਅਤੇ ਲੈਂਡ ਸੀਡਿੰਗ ਦੇ ਕੰਮ ਨੂੰ ਜੰਗੀ ਪੱਧਰ ਤੇ ਪੂਰਾ ਕਰਨ ਲਈ ਕਿਹਾ ਗਿਆ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬਾਸਮਤੀ ਦੀ ਫਸਲ ‘ਤੇ ਬੈਨ ਕੀਤੇ ਗਏ ਕੀਟਨਾਸ਼ਕਾਂ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਖਿਆ ਗਿਆ।