ਰੂਪਨਗਰ, 6 ਦਸੰਬਰ:
ਵਿਸ਼ਵ ਮਿੱਟੀ ਦਿਵਸ ਦੇ ਮੌਕੇ ‘ਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਬਲਾਕ ਰੂਪਨਗਰ ਦੇ ਪਿੰਡ ਬੀਕੋਂ ਵਿਖੇ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ।
ਇਸ ਮੌਕੇ ਖੇਤੀਬਾੜੀ ਅਫਸਰ ਡਾ. ਰਮਨ ਕਰੋੜੀਆ ਨੇ ਦੱਸਿਆ ਕਿ ਮਿੱਟੀ ਦੀ ਉਪਜਾਊ ਸ਼ਕਤੀ ਜੋ ਦਿਨ ਪ੍ਰਤੀ ਦਿਨ ਘੱਟਦੀ ਜਾ ਰਹੀ ਹੈ ਇਕ ਚਿੰਤਾ ਦਾ ਵਿਸ਼ਾ ਹੋਣ ਕਾਰਨ ਸਾਲ 2002 ਵਿੱਚ ਇੰਟਰਨੈਸ਼ਨਲ ਯੂਨੀਅਨ ਆਫ ਸੁਆਇਲ ਸਾਇੰਸ ਵੱਲੋਂ ਹਰ ਸਾਲ 5 ਦਸੰਬਰ ਨੂੰ ਵਿਸ਼ਵ ਭਰ ਵਿਚ ਇਹ ਮਿੱਟੀ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਤਾਂ ਜੋ ਸੰਸਾਰ ਪੱਧਰੀ ਇਸ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਡਾ. ਬਲਵਿੰਦਰ ਕੁਮਾਰ ਨੇ ਇਸ ਮਿੱਟੀ ਦਿਵਸ ‘ਤੇ ਕਿਸਾਨਾਂ ਨੂੰ ਮਿੱਟੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਫਸਲ ਦੀ ਬਿਜਾਈ ਤੋਂ ਪਹਿਲਾਂ ਆਪਣੇ ਖੇਤ ਦੀ ਮਿੱਟੀ ਪਰਖ ਜਰੂਰ ਕਰਵਾਉਣ ਤਾਂ ਜੋ ਮਿੱਟੀ ਵਿਚ ਤੱਤਾਂ ਦੀ ਹੋਂਦ ਦਾ ਪਤਾ ਲੱਗ ਸਕੇ। ਮਿੱਟੀ ਪਰਖ ਅਨੁਸਾਰ ਹੀ ਆਪਣੀ ਅਗਲੀ ਫਸਲ ਵਿਚ ਖਾਦਾਂ ਦੀ ਜਰੂਰਤ ਅਨੁਸਾਰ ਵਰਤੋਂ ਕੀਤੀ ਜਾ ਸਕੇ। ਜਿਸ ਨਾਲ ਇੱਕ ਤਾਂ ਮਿੱਟੀ ਦੀ ਸਿਹਤ ਵੀ ਠੀਕ ਰਹਿੰਦੀ ਅਤੇ ਦੂਸਰਾ ਆਪਣਾ ਵਾਧੂ ਖਰਚਾ ਵੀ ਘਟਾ ਸਕਦੇ ਹਾਂ। ਜਰੂਰਤ ਤੋਂ ਜਿਆਦਾ ਖਾਦਾਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਮੀਨ ਵਿੱਚ ਕਾਰਬਨ ਤੱਤ ਦਾ ਹੋਣਾ ਬਹੁਤ ਜਰੂਰੀ ਹੈ ਜਿਸ ਨਾਲ ਮਿੱਟੀ ਵਿਚਲੇ ਜੀਵਾਣੂ ਪੱਤਿਆਂ ਰੂੜੀ ਖਾਦ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਜੈਵਿਕ ਖਾਦ ਵਿਚ ਬਦਲਣ ਲਈ ਸਹਾਇਕ ਹੁੰਦੇ ਹਨ।
ਇਸ ਮੌਕੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਜਿਲ੍ਹੇ ਵਿੱਚ ਵਿਭਾਗ ਵੱਲੋਂ ਇੱਕ ਮਿੱਟੀ ਪਰਖ ਮੋਬਾਇਲ ਵੈਨ ਮੁਹੱਇਆ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਦੇ ਖੇਤ ਵਿੱਚ ਹੀ ਮਿੱਟੀ ਪਰਖ ਹੋ ਸਕੇ।
ਇਸ ਮੌਕੇ ਪਿੰਡ ਦੇ ਸਰਪੰਚ ਸਵਰਨ ਸਿੰਘ, ਕਿਸਾਨ ਗੁਰਮੀਤ ਸਿੰਘ, ਅਮਰਦੀਪ ਸਿੰਘ, ਸੁਰਜੀਤ ਸਿੰਘ ਅਤੇ ਵਿਭਾਗ ਦੇ ਹਰਸਵਰਾਜ ਸਿੰਘ ਆਦਿ ਹਾਜ਼ਰ ਸਨ।