ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨ ਆਧੁਨਿਕ ਤਕਨੀਕਾਂ ਅਪਣਾਉਣ: ਡਿਪਟੀ ਕਮਿਸ਼ਨਰ

*ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਤਹਿਤ ਬੱਲੋਕੇ ਵਿਖੇ ਕਿਸਾਨ ਗੋਸ਼ਟੀ
*ਡਿਪਟੀ ਕਮਿਸ਼ਨਰ ਵੱਲੋਂ ਅਗਾਂਹਵਧੂ ਕਿਸਾਨਾਂ ਦਾ ਸਨਮਾਨ
* ਕਿਸਾਨ ਮਾਨ ਸਿੰਘ ਅਤੇ ਰਛਪਾਲ ਸਿੰਘ ਨੇ ਤਜਰਬੇ ਕੀਤੇ ਸਾਂਝੇ

ਸਹਿਣਾ/ਬਰਨਾਲਾ, 27 ਨਵੰਬਰ
ਜ਼ਿਲ੍ਹਾ ਬਰਨਾਲਾ ਦੇ ਅਗਾਂਹਵਧੂ ਕਿਸਾਨਾਂ ਨੇ ਜਿੱਥੇ ਝੋਨੇ ਦੀ ਪਰਾਲੀ ਦਾ ਵਾਤਾਵਰਣ ਪੱਖੀ ਨਿਬੇੜਾ ਕਰ ਕੇ ਮਿਸਾਲ ਕਾਇਮ ਕੀਤੀ ਹੈ, ਉਥੇ ਵੱਖ ਵੱਖ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿਚ ਵਾਧਾ ਕਰ ਰਹੇ ਹਨ, ਜੋ ਕਿ ਬਹੁਤ ਸ਼ਲਾਘਾਯੋਗ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪਿੰਡ ਬੱਲੋਕੇ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਆਤਮਾ ਸਕੀਮ ਅਧੀਨ ਕਰਾਈ ਕਿਸਾਨ ਗੋਸ਼ਟੀ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਆਤਮਾ ਸਕੀਮ ਅਧੀਨ ਕਿਸਾਨ ਨਵੀਆਂ ਤੇ ਆਧੁਨਿਕ ਤਕਨੀਕਾਂ ਅਪਣਾ ਰਹੇ ਹਨ, ਜੋ ਬਹੁਤ ਸ਼ਲਾਘਾਯੋਗ ਹੈ। ਇਸੇ ਤਹਿਤ ਕਿਸਾਨ ਰਛਪਾਲ ਸਿੰਘ ਪਿੰਡ ਬੱਲੋਕੇ ਨੇ ਨਵੀਂ ਤਕਨੀਕ ਨਾਲ ਮੈਡੀਸਨਲ ਮਸ਼ਰੂਮ ਦੀ ਖੇਤੀ ਕੀਤੀ ਹੈ।
ਇਸ ਮੌਕ ਜਿੱਥੇ ਕਿਸਾਨ ਰਛਪਾਲ ਸਿੰਘ ਨੇ ਖੁੰਬਾਂ ਦੀ ਕਾਸ਼ਤ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ, ਉਥੇ ਸਹਿਣਾ ਦੇ ਕਿਸਾਨ ਮਾਨ ਸਿੰਘ ਨੇ ਮਧੂ ਮੱਖੀਆਂ ਪਾਲਣ, ਵੱਖ ਵੱਖ ਕਿਸਮਾਂ ਦੇ ਸ਼ਹਿਦ ਅਤੇ ਸ਼ਹਿਦ ਦੀ ਵਰਤੋ ਬਾਰੇ ਨੁਕਤੇ ਸਾਰੇ ਕਿਸਾਨਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਅਤੇ ਬਲਾਕ ਅਫਸਰ ਡਾ. ਗੁਰਬਿੰਦਰ ਸਿੰਘ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਦੱਸਿਆ, ਜੋ ਸਕੀਮਾਂ ਫਸਲੀ ਵਿਭਿੰਨਤਾ ਲਈ ਬੇਹੱਦ ਲਾਹੇਵੰਦ ਹਨ। ਇਸ ਮੌਕੇ ਮੈਡਮ ਸੁਨੀਤਾ ਸ਼ਰਮਾ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਿੱਚ ਚੱਲ ਰਹੀ ਆਤਮਾ ਸਕੀਮ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਬਾਰੇ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਨਿਪੁੰਨ ਬਣਾਇਆ ਜਾਂਦਾ ਹੈ ਤੇ ਸਮੇਂ ਸਮੇਂ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਤੇ ਹੋਰ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨ ਰਛਪਾਲ ਸਿੰਘ ਨੂੰ 60 ਹਜ਼ਾਰ ਰੁਪਏ ਦਾ ਚੈੱਕ ਅਤੇ ਪ੍ਰਸ਼ੰਸਾ ਪੱਤਰ ਸੌਂਪਿਆ ਗਿਆ। ਇਸ ਮੌਕੇ ਅਗਾਂਹਵਧੂ ਕਿਸਾਨ ਨਾਇਬ ਸਿੰਘ ਪਿੰਡ ਮੌੜ ਮਕਸੂਦਾਂ, ਜਗਰਾਜ ਸਿੰਘ, ਗੁਰਦੀਪ ਸਿੰਘ ਦੁੱਲਟ, ਕਿਸਾਨ ਜਬਰ ਸਿੰਘ ਭਗਤਪੁਰਾ ਮੌੜ, ਹਰਪਾਲ ਸਿੰਘ ਬੱਲੋਕੇ, ਹਰਦੀਪ ਸਿੰਘ ਬੱਲੋਕੇ, ਦਰਸ਼ਨ ਸਿੰਘ ਢਿੱਲਵਾਂ, ਗੁਲਜ਼ਾਰਾ ਸਿੰਘ ਦਾ ਝੋੇਨੇ ਦੀ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ. ਗੁਰਚਰਨ ਸਿੰਘ ਏਡੀਓ ਇਨਫੋਰਸਮੈਂਟ, ਜਸਵਿੰਦਰ ਸਿੰਘ ਏਡੀਓ, ਸੁਖਦੀਪ ਸਿੰਘ ਏਡੀਓ, ਜਸਵਿੰਦਰ ਸਿੰਘ ਬੀਟੀਐਮ ਤੇ ਹੋਰ ਆਤਮਾ ਸਟਾਫ ਹਾਜ਼ਰ ਸੀ।

Spread the love