ਕਰੋਨਾ ਪਾਜ਼ੇਟਿਵ ਗਰਭਵਤੀ ਔਰਤ 3 ਮਹੀਨੇ ਦੇ ਵਕਫੇ ਮਗਰੋਂ ਲਗਵਾ ਸਕਦੀ ਹੈ ਵੈਕਸੀਨ
ਬਰਨਾਲਾ, 14 ਜੁਲਾਈ 2021
ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਖਾਤਮੇ ਲਈ ਟੀਕਾਕਰਨ ਪ੍ਰਕਿਰਿਆ ਜਾਰੀ ਹੈ ਅਤੇ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਰੋਨਾ ਵੈਕਸੀਨ ਗਰਭਵਤੀ ਔਰਤਾਂ ਨੂੰ ਵੀ ਲਗਾਈ ਜਾ ਸਕਦੀ ਹੈ।
ਇਹ ਜਾਣਕਾਰੀ ਅੱਜ ਹਫਤਾਵਰੀ ਫੇਸਬੁਕ ਲਾਈਵ ਦੌਰਾਨ ਬਰਨਾਲਾ ਸਿਵਲ ਹਸਪਤਾਲ ਵਿਖੇ ਤਾਇਨਾਤ ਔਰਤ ਰੋਗਾਂ ਦੇ ਮਾਹਿਰ ਡਾ. ਈਸ਼ਾ ਗੁਪਤਾ ਨੇ ਦਿੱਤੀੇ। ਉਨਾਂ ਕਿਹਾ ਕਿ ਤਾਜ਼ਾ ਖੋਜ ਰੁਝਾਨਾਂ ਤੋਂ ਸਾਹਮਣੇ ਆਇਆ ਹੈ ਕਿ ਕਰੋਨਾ ਵੈਕਸੀਨ ਗਰਭਵਤੀ ਔਰਤਾਂ ਲਈ ਸੁਰੱਖਿਅਤ ਹੈ ਅਤੇ ਇਹ ਪਹਿਲੇ ਤੋਂ ਨੌਵੇਂ ਮਹੀਨੇ ਦੌਰਾਨ ਕਿਸੇ ਵੀ ਸਮੇਂ ਲਗਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਮਹਿਲਾਵਾਂ ਵੀ ਟੀਕਾਕਰਨ ਕਰਵਾ ਸਕਦੀਆਂ ਹਨ। ਸਿਹਤ ਵਿਭਾਗ ਵੱਲੋਂ ਸਿਰਫ ਉਨਾਂ ਗਰਭਵਤੀ ਔਰਤਾਂ ਨੂੰ ਕਰੋਨਾ ਵੈਕਸੀਨ ਦੀ ਸਿਫਾਰਸ਼ ਨਹੀਂ ਕੀਤੀ ਜਾ ਰਹੀ, ਜੋ ਦਿਲ ਦੇ ਰੋਗਾਂ ਤੋਂ ਪੀੜਤ ਹਨ ਜਾਂ ਕਿਸੇ ਤਰਾਂ ਦੇ ਦੌਰੇ ਪੈਂਦੇ ਹਨ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗਰਭਵਤੀ ਔਰਤਾਂ ਨੂੰ ਵੈਕਸੀਨ ਮੈਡੀਕਲ ਕੇਂਦਰ ਪੱਧਰ ’ਤੇ ਹੀ ਲੱਗੇਗੀ। ਉਨਾਂ ਕਿਹਾ ਕਿ ਜੇਕਰ ਗਰਭਵਤੀ ਔਰਤ ਕਰੋਨਾ ਪਾਜ਼ੇਟਿਵ ਆ ਜਾਂਦੀ ਹੈ ਤਾਂ ਤਿੰਨ ਮਹੀਨੇ ਦੇ ਵਕਫੇ ਮਗਰੋਂ ਕਰੋਨਾ ਵੈਕਸੀਨ ਲਗਵਾਈ ਜਾ ਸਕਦੀ ਹੈ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁੁਲਦੀਪ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਕਰੋਨਾ ਵਾਇਰਸ ਦੇ ਐਕਟਿਵ ਕੇਸ ਸਿਰਫ 20 ਹਨ ਅਤੇ 14 ਜੁਲਾਈ ਨੂੰ 2 ਨਵੇਂ ਕੇਸ ਆਏ ਹਨ। ਉਨਾਂ ਕਿਹਾ ਕਿ ਜ਼ਿਲੇ ਵਿਚ ਹੁਣ ਤੱਕ 1.27 ਲੱਖ ਤੋਂ ਵੱਧ ਖੁਰਾਕਾਂ ਵੈਕਸੀਨ ਦੀਆਂ ਲਾਈਆਂ ਜਾ ਚੁੱਕੀਆਂ ਹਨ।