ਗਰੋਜ਼-ਬੇਕਰਟ ਨਿਫਟ ਸਕਿੱਲ ਡਿਵੈਲਪਮੈਂਟ ਫਸੀਲਿਟੀ ਵਿਖੇ ਇੰਡਸਟਰੀਅਲ ਸਿਲਾਈ ਮਸ਼ੀਨ ਆਪਰੇਟਰ ਕੋਰਸ ਮੁੜ ਸ਼ੁਰੂ

ਲੁਧਿਆਣਾ, 03 ਸਤੰਬਰ 2021 ਸਰਕਾਰ ਵਲੋਂ ਸਕਿੱਲ ਡਿਵੈਲਪਮੈਂਟ ਗਤੀਵਿਧੀਆਂ ਦੇ ਪੁਨਰ ਆਰੰਭ ਦੇ ਹੁਕਮਾਂ ਉਪਰੰਤ ਗਰੋਜ਼-ਬੇਕਰਟ ਨਿਫਟ ਸਕਿੱਲ ਡਿਵੈਲਪਮੈਂਟ ਫਸੀਲਿਟੀ, ਲੁਧਿਆਣਾ ਵਿਖੇ ਵੀ ਇੰਡਸਟਰੀਅਲ ਸਿਲਾਈ ਮਸ਼ੀਨ ਆਪਰੇਟਰ ਕੋਰਸ ਦਾ ਪੁਨਰ ਆਰੰਭ ਕਰ ਦਿੱਤਾ ਗਿਆ। ਸੈਂਟਰ ਦੇ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਨਰ ਅਤੇ ਸਾਰੇ ਸਿਖਿਆਰਥੀਆਂ ਦੀ ਵੈਕਸੀਨੇਸ਼ਨ ਦੀ ਪਹਿਲੀ ਡੋਜ ਵੀ ਸੁਨਿਸ਼ਿਤ ਕੀਤੀ ਗਈ।
ਕੁੱਲ 12 ਮਹਿਲਾ ਸਿਖਿਆਰਥੀਆਂ ਦੀ ਇਸ ਸਿਖਲਾਈ ਪ੍ਰੋਗਰਾਮ ਲਈ ਚੌਣ ਕੀਤੀ ਗਈ ਅਤੇ ਇਹਨਾਂ ਨੂੰ ਦੋ ਬੈਚ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ। ਸਿਖਲਾਈ ਦੌਰਾਨ ਸਮਾਜਿਕ ਦੂਰੀ ਵੀ ਸੁਨਿਸ਼ਿਤ ਕੀਤੀ ਜਾਵੇ, ਸਿਖਲਾਈ ਦੌਰਾਨ ਕੋਵਿਡ-19 ਸਬੰਧਤ ਨਿਯਮ ਜਿਵੇਂ ਕਿ ਹੈਂਡ ਸੈਨੀਟਾਈਜ਼ਰ ਤੇ ਮਾਸਕ ਦੀ ਵਰਤੋਂ ਦੀ ਵੀ ਪਾਲਣਾ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਸਿਖਲਾਈ ਪ੍ਰੋਗਰਾਮ ਦੇ ਮੁੜ ਆਰੰਭ ਹੋਣ ਤੋਂ ਬਾਅਦ ਦੋ ਆਧੁਨਿਕ ਕੰਪਿਊਟਰਾਈਜ਼ਡ ਬਟਨ ਹੋਲ ਅਤੇ ਬਟਨ ਲਗਾਉਣ ਵਾਲਿਆਂ ਮਸ਼ੀਨਾਂ ਵੀ ਸੈਂਟਰ ਵਿਚ ਲਗਾਈਆਂ ਗਈਆਂ ਹਨ, ਤਾਂ ਜੋ ਗਾਰਮੈਂਟ ਇੰਡਸਟਰੀ ਦੀ ਲੌੜ ਮੁਤਾਬਿਕ ਸਕਿਲਡ ਸਿਲਾਈ ਮਸ਼ੀਨ ਆਪਰੇਟਰ ਸੈਂਟਰ ਵਿੱਚੋ ਨਿਕਲਣ, ਜਿਸ ਨਾਲ ਸਾਰੇ ਸਿਖਿਆਰਥੀ ਬਿਹਤਰ ਰੋਜ਼ਗਾਰ ਹਾਸਲ ਕਰ ਸਕਣ। ਇਹ ਦੋ ਆਧੁਨਿਕ ਮਸ਼ੀਨਾਂ ਗਰੋਜ਼-ਬੇਕਰਟ ਏਸ਼ੀਆ ਪ੍ਰਾਈਵੇਟ ਲਿਮਿਟਿਡ ਵਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਧੀਨ ਇਸ ਸੈਂਟਰ ਵਿਚ ਲਗਵਾਈਆਂ ਗਈਆਂ, ਜਿਸ ਦਾ ਨਿਫਟ ਦੇ ਸਮੂਹ ਪ੍ਰਬੰਧਕਾਂ ਵਲੋਂ ਸਵਾਗਤ ਕੀਤਾ ਗਿਆ।
ਮੌਜੂਦਾ ਬੁਨਿਆਦੀ ਢਾਂਚੇ ਵਿਚ ਲਗਾਈਆ ਗਈਆਂ ਦੋ ਅਤਿ-ਆਧੁਨਿਕ ਨਵੀਆਂ ਮਸ਼ੀਨਾਂ ਦੇ ਆਉਣ ਅਤੇ ਸੈਂਟਰ ਦੇ ਸਫਲ ਸੰਚਾਲਨ ਤੋਂ ਉਤਸਾਹਿਤ ਡਾ. ਪੂਨਮ ਅੱਗਰਵਾਲ ਠਾਕੁਰ, ਪ੍ਰਿੰਸੀਪਲ, ਨਿਫਟ ਨੇ ਦੱਸਿਆ ਕਿ ਇਹ ਸੈਂਟਰ ਨਿਫਟ ਅਤੇ ਗਰੋਜ਼-ਬੇਕਰਟ ਏਸ਼ੀਆ ਪ੍ਰਾਈਵੇਟ ਲਿਮਿਟਿਡ ਦਾ ਇਕ ਸਾਂਝਾ ਉਪਰਾਲਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਗਾਰਮੈਂਟ ਉਦਯੋਗ ਵਿਚ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਨੂੰ ਪੂਰਾ ਕਰਨ ਵਿਚ ਸਹਾਈ ਹੋਵੇਗਾ, ਇਸ ਨਾਲ ਇਹ ਇਕ ਉਦਯੋਗ ਅਤੇ ਸਥਾਨਕ ਨੌਜਵਾਨ, ਦੋਨਾਂ ਲਈ ਜਿੱਤ-ਦੀ ਸਥਿਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਜਿੱਥੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਦੇ ਸੁਪਨੇ ਨੂੰ ਸਹਾਈ ਕਰਨ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ ਓਥੇ ਹੀ ਸਥਾਨਕ ਨੌਜਵਾਨ ਖਾਸ ਕਰ ਮਹਿਲਾਵਾਂ, ਜੋ ਕਿ ਕਿਸੇ ਕਾਰਣ ਆਪਣੀ ਰਸਮੀ ਸਿੱਖਿਆ ਪੂਰੀ ਕਰਨ ਵਿਚ ਅਸਮਰਥ ਰਹੀਆਂ ਹੋਣ, ਉਨ੍ਹਾਂ ਲਈ ਵੀ ਸੰਗਠਿਤ ਖੇਤਰ ਵਿਚ ਰੋਜ਼ਗਾਰ ਹਾਸਲ ਕਰਨ ਦਾ ਇਹ ਇਕ ਸੁਨਹਿਰਾ ਮੌਕਾ ਹੈ।

Spread the love