ਰੂਪਨਗਰ, 29 ਜਨਵਰੀ 2024
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਸੁਚੱਜੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਦੀ ਦੇਖ-ਰੇਖ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਰੂਪਨਗਰ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਤ੍ਰੈ-ਭਾਸ਼ੀ (ਪੰਜਾਬੀ,ਹਿੰਦੀ ਅਤੇ ਉਰਦੂ) ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉਘੇ ਨਾਵਲਕਾਰ ਸ੍ਰੀ ਜਸਵੀਰ ਮੰਡ ਨੇ ਮੁੱਖ ਮਹਿਮਾਨ ਵੱਜੋਂ ਅਤੇ ਮੈਡਮ ਯਤਿੰਦਰ ਕੌਰ ਮਾਹਲ ਨੇ ਵਿਸ਼ੇਸ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਇਸ ਸਮਾਗਮ ਵਿੱਚ ਨਾਮਵਰ ਕਵੀਆਂ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਰਾਬਿੰਦਰ ਰੱਬੀ, ਗੁਰਿੰਦਰ ਸਿੰਘ, ਧਰਮਿੰਦਰ ਸਿੰਘ ਭੰਗੂ, ਕੁਲਵਿੰਦਰ ਸਿੰਘ ਖੈਰਾਬਾਦ, ਮਨਦੀਪ ਰਿੰਪੀ, ਗੁਰਨਾਮ ਸਿੰਘ ਬਿਜਲੀ, ਅਮਰਜੀਤ ਕੌਰ ਅਤੇ ਹਰਦੀਪ ਸਿੰਘ ਗਿੱਲ ਨੇ ਮਾਤ ਭਾਸ਼ਾ ਪੰਜਾਬੀ ਨਾਲ ਸਬੰਧਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।
ਡਾ. ਮੀਨੂੰ ਸੁਖਮਨ ਅਤੇ ਕੁਲਵੰਤ ਸਿੰਘ ਨੇ ਹਿੰਦੀ ਭਾਸ਼ਾ ਉੱਤੇ ਅਤੇ ਮੋਲਾਨਾ ਮੁਸ਼ਾਹਿਦ ਰਜ਼ਾ, ਮੋਲਾਨਾ ਵਜਹੁਲ ਕਮਰ, ਮਿਸਟਰ ਮੁਜਾਹਿਦ ਕਾਦਰੀ ਨੇ ਉਰਦੂ ਭਾਸ਼ਾ ਨਾਲ ਸਬੰਧਤ ਕਵਿਤਾਵਾਂ ਨਾਲ ਸ੍ਰੋਤਿਆਂ ਦਾ ਦਿਲ ਜਿੱਤਿਆ। ਇਸ ਸਮਾਗਮ ਦੌਰਾਨ ਸ. ਸੁਰਜਨ ਸਿੰਘ ਵੱਲੋਂ ਸਟੇਜ ਦੇ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਆਪਣੀ ਰਚਨਾ ਪੇਸ਼ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਹਰਕੀਰਤ ਸਿੰਘ ਜੀ ਵੱਲੋਂ ਉੱਘੇ ਸਾਹਿਤਕ ਤੇ ਵਿਦਵਾਨ ਕਵੀਆਂ ਦਾ ਧੰਨਵਾਦ ਕੀਤਾ। ਪਹੁੰਚੇ ਹੋਏ ਸ੍ਰੋਤਿਆਂ ਨੇ ਇਸ ਵਿਸ਼ੇਸ ਕਵੀ ਦਰਬਾਰ ਦਾ ਭਰਪੂਰ ਆਨੰਦ ਮਾਣਿਆ।
ਇਸੇ ਦੌਰਾਨ ਜਸਬੀਰ ਮੰਡ ਵੱਲੋਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਜ਼ਿਲ੍ਹੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਤ੍ਰੈ-ਭਾਸ਼ੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਹੈ। ਜਿਸ ਦਾ ਮੰਤਵ ਪੰਜਾਬ ਦੀਆਂ ਬੋਲੀਆਂ ਨੂੰ ਸੁਰੱਖਿਅਤ ਕਰਨਾ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੱਕ ਇਹਨਾਂ ਦੇ ਮੂਲ ਰੂਪ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਸਮਾਗਮ ਵਿੱਚ ਆਏ ਕਵੀਆਂ ਦਾ ਮਾਨ ਸਨਮਾਨ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।