ਜਿਲ੍ਹੇ ਵਿਚ 31 ਥਾਵਾਂ ’ਤੇ ਵਧੀ ਹੋਈ ਪੈਨਸ਼ਨ ਦੇ ਚੈਕ ਤਕਸੀਮ
ਗੁਰਦਾਸਪੁਰ, 31 ਅਗਸਤ 2021 ਪੰਜਾਬ ਸਰਕਾਰ ਵਲੋਂ ਸਮਾਜ ਦੇ ਲੋੜਵੰਦ ਲੋਕਾਂ ਨੂੰ ਪੈਨਸ਼ਨ ਯੋਜਨਾ ਤਹਿਤ ਜੁਲਾਈ 2021 ਤੋਂ ਦੁੱਗਣੀ ਪੈੈਨਸ਼ਨ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਗੁਰਦਾਸਪੁਰ ਜਿਲ੍ਹੇ ਅੰਦਰ ਵੀ ਲਾਭਪਾਤਰੀਆਂ ਨੂੰ ਇਸਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਦੁੱਗਣੀ ਹੋਈ ਪੈਨਸ਼ਨ ਨਾਲ ਜਿਲ੍ਹੇ ਅੰਦਰ ਜੂਨ ਮਹੀਨੇ ਨਾਲੋਂ 15 ਕਰੋੜ ਰੁਪੈ ਜਿਆਦਾ ਪੈਨਸ਼ਨ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਮਿਲੇ ਹਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੇ ਹੋਰਨਾਂ ਵਲੋਂ ਅੱਜ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਧੀ ਹੋਈ ਪੈਨਸ਼ਨ ਪ੍ਰਦਾਨ ਕਰਨ ਸਬੰਧੀ ਕੀਤੇ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਸ਼ਿਰਕਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੂਹ ਪੈਨਸ਼ਨਰਾਂ ਜਿਨ੍ਹਾਂ ਵਿਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਪ੍ਰਤੀ ਮਹੀਨਾ 750 ਰੁਪੈ ਤੋਂ ਵਧਾਕੇ ਪੈਨਸ਼ਨ 1500 ਰੁਪੈ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੁਲਾਈ 2021 ਮਹੀਨੇ ਦੌਰਾਨ ਜਿਲ੍ਹੇ ਦੇ 2 ਲੱਖ 4 ਹਜਾਰਾ 700 ਲਾਭਪਾਤਰੀਆਂ ਨੂੰ 30 ਕਰੋੜ 70 ਲੱਖ 51ਹਜਾਰ ਰੁਪੈ ਦੀ ਪੈਨਸ਼ਨ ਜਾਰੀ ਕੀਤੀ ਗਈ, ਜਦਕਿ ਜੂਨ 2021 ਮਹੀਨੇ ਦੌਰਾਨ 1 ਲੱਖ 99 ਹਜਾਰ 195 ਲਾਭਪਾਤਰੀਆਂ ਨੂੰ 750 ਰੁਪੈ ਪ੍ਰਤੀ ਮਹੀਨੇ ਦੇ ਹਿਸਾਬ ਨਾਲ 14 ਕਰੋੜ 93 ਲੱਖ 72 ਹਜ਼ਾਰ 500 ਰੁਪੈ ਪੈਨਸ਼ਨ ਦੇ ਤੌਰ ’ਤੇ ਜਾਰੀ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਨਾ ਕੇਵਲ ਲਾਭਪਾਤਰੀਆਂ ਦੀ ਗਿਣਤੀ ਵਿਚ 5548 ਲਾਭਪਾਤਰੀਆਂ ਦਾ ਵਾਧਾ ਹੋਇਆ ਬਲਕਿ ਪੈਨਸ਼ਨ ਦੁੱਗਣੀ ਹੋਣ ਨਾਲ ਪ੍ਰਤੀ ਮਹੀਨਾ 15 ਕਰੋੜ ਰੁਪੈ ਵਾਧੂ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ਹਨ।ਵਧੀ ਪੈਨਸ਼ਨ ਲਾਭਪਾਤਰੀਆਂ ਨੂੰ ਪ੍ਰਦਾਨ ਕਰਨ ਜਿਲ੍ਹੇ ਵਿਚ ਗੋਹੇ ਪੋਖਰ, ਹਯਾਤ ਨਗਰ, ਸੋਹਲ, ਰਣੀਆ, ਧਿਅਾਨਪੁਰ, ਤਲਵੰਡੀ ਰਾਮਾ ਤੇ ਹਰਦੋਵਾਲ ਵਿਖੇ ਵੀ ਸਮਾਗਮ ਹੋਏ। ਇਨ੍ਹਾਂ ਸਾਰੇ ਥਾਵਾਂ ’ਤੇ ਦੁੱਗਣੀ ਪੈਨਸ਼ਨ ਦੇ ਚੈਕ ਲਾਭਪਾਤਰੀਆਂ ਨੂੰ ਸੌਪੇ ਗਏ ਅਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹਿਲੀ ਸਤੰਬਰ 2021 ਨੂੰ ਵਧੀ ਹੋਈ ਪੈਨਸ਼ਨ ਭੇਜ ਦਿੱਤੀ ਜਾਵੇਗੀ।
ਇਸ ਮੌਕੇ ਹਰਪਾਲ ਸਿੰਘ ਸੰਧਾਵਾਲੀਆ ਜਿਲਾ ਸਿੱਖਿਆ ਅਫਸਰ (ਸ) , ਕੋਮਲਪ੍ਰੀਤ ਕੋਰ ਸੀਡੀਪੀਓ ਗੁਰਦਾਸਪੁਰਅਤੇ ਜਗਤਾਰ ਸਿੰਘ ਵੀ ਹਾਜਰ ਸਨ।