ਗੁਰਦਾਸਪੁਰ, 12 ਜੁਲਾਈ 2021 ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਹਿੱਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ 14 ਜੁਲਾਈ ਨੂੰ ਲਾਇਬ੍ਰੇਰੀ ਲੰਗਰ ਲਗਾਇਆ ਜਾਵੇਗਾ। ਉਪਰੋਕਤ ਜਾਣਕਾਰੀ ਦਿੰਦੇ ਡੀ.ਈ.ਓ. ਸੈਕੰ:/ ਐਲੀ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਪੁਸਤਕਾਂ ਵੰਡੀਆ ਜਾ ਰਹੀਆਂ ਹਨ ਤਾਂ ਜੋ ਬੱਚਿਆ ਦਾ ਸਰੀਰਕ ਦੇ ਨਾਲ ਨਾਲ ਮਾਨਸਿਕ ਵੀ ਵਿਕਾਸ ਹੋ ਸਕੇ। ਉਹਨਾਂ ਸਮੂਹ ਵਿਦਿਆਰਥੀਆਂ , ਮਾਤਾ ਪਿਤਾ ਅਤੇ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਅਵਸਰ ਦਾ ਲਾਭ ਲੈਂਦੇ ਹੋਏ ਵੱਧ ਤੋਂ ਵੱਧ ਪੁਸਤਕਾਂ ਪ੍ਰਾਪਤ ਕਰਨ।
ਉਹਨਾਂ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਲਾਇਬ੍ਰੇਰੀ ਲੰਗਰ ਨੂੰ ਸਫ਼ਲ ਬਣਾਉਣ ਲਈ ਸੋਸ਼ਲ ਮੀਡੀਆ ਦੇ ਵੱਖ ਵੱਖ ਮਾਧਿਅਮਾਂ ਦੁਆਰਾ ਇਸ ਦਾ ਪ੍ਰਚਾਰ ਕਰਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹਰ ਪੱਖੋਂ ਬਿਹਤਰ ਹਨ। ਸਰਕਾਰੀ ਸਕੂਲਾਂ ਦੀਆਂ ਜਿੱਥੇ ਇਮਾਰਤਾਂ ਖ਼ੂਬਸੂਰਤ ਹਨ , ਉੱਥੇ ਪੜ੍ਹਾਈ ਦਾ ਮਿਆਰ ਵੀ ਉੱਚ ਪੱਧਰ ਦਾ ਹੈ ਅਤੇ ਹੁਣ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਸਰਕਾਰੀ ਸਕੂਲਾਂ ਵਿੱਚ ਗਿਆਨ ਭਰਪੂਰ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ , ਜਿਸ ਦਾ ਵਿਦਿਆਰਥੀ ਸਮੇਂ ਸਮੇਂ ਤੇ ਭਰਪੂਰ ਫ਼ਾਇਦਾ ਲੈ ਰਹੇ ਹਨ ਅਤੇ ਹੁਣ ਕੋਵਿਡ 19 ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਾ ਆਉਣ ਕਾਰਨ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਤੱਕ ਪੁਸਤਕਾਂ ਪਹੁੰਚਾਉਣ ਲਈ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 14 ਜੁਲਾਈ ਨੂੰ ਲਾਇਬ੍ਰੇਰੀ ਲੰਗਰ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਜਿਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ।
ਇਸ ਦੌਰਾਨ ਡਿਪਟੀ ਡੀ.ਈ.ਓ. ਸੈਕੰ. ਲਖਵਿੰਦਰ ਸਿੰਘ ਅਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਨੇ ਸਮੂਹ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਵੱਲੋਂ ਲਗਾਏ ਜਾ ਰਹੇ ਇਸ ਲਾਇਬ੍ਰੇਰੀ ਲੰਗਰ ਦਾ ਵੱਧ ਵੱਧ ਲਾਭ ਉਠਾਉਂਦੇ ਹੋਏ , ਆਪਣੇ ਗਿਆਨ ਵਿੱਚ ਵਾਧਾ ਕਰਨ। ਇਸ ਦੌਰਾਨ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ ਵੀ ਹਾਜ਼ਰ ਸੀ।