ਸੁਰੱਖਿਆ ਪ੍ਰਬੰਧਾਂ ਲਈ ਕਰੀਬ 1200 ਕਰਮਚਾਰੀ ਤਾਇਨਾਤ
ਗੁਰਦਾਸਪੁਰ, 14 ਅਗਸਤ 2021 ਗੁਰਦਾਸਪੁਰ ਪੁਲਿਸ ਵਲੋਂ 15 ਅਗਸਤ ਨੂੰ ਆਗਾਮੀ ਆਜ਼ਾਦੀ ਦਿਵਸ ਦੇ ਸਮਾਗਮਾਂ ਦੋਰਾਨ ਸੁਰੱਖਿਆ ਦੇੇ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਗੁਰਦਾਸਪੁਰ ਵਲੋਂ ਜ਼ਿਲੇ ਅੰਦਰ ਆਜ਼ਾਦੀ ਦਿਵਸ ਸਮਾਗਮ ਦੌਰਾਨ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਸਮਾਗਮ ਸ਼ਾਂਤੀਪੂਰਵਕ ਢੰਗ ਨਾਲ ਸਫਲ ਨੇਪਰੇ ਚਾੜੇ੍ਹ ਜਾਣ।
ਐਸ.ਐਸ.ਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਸਰਹੱਦੀ ਜ਼ਿਲੇ ਗੁਰਦਾਸਪੁਰ ਵਿਖੇ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਅਤੇ ਸਬ ਡਵੀਜ਼ਨਾਂ ਵਿਚ ਮਨਾਏ ਜਾ ਰਹੇ ਸਮਾਗਮਾਂ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਬੀਤੇ ਦਿਨੀਂ ਇਕਬਾਲ ਸਿੰਘ ਸਹੋਤਾ ਏਡੀਜੀਪੀ ਪੰਜਾਬ ਅਤੇ ਸੁਰਿੰਦਰਪਾਲ ਸਿੰਘ ਪਰਮਾਰ ਆਈਜੀਪੀ ਬਾਰਡਰ ਰੇਂਜ ਸ੍ਰੀ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪੱਧਰੀ ਸਮਾਗਮ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਤੇ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਸਈ।
ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵਲੋਂ ਮਹੱਤਵਪੂਰਨ ਪਹਿਲ ਕਰਦਿਆਂ ਮਨੁੱਖ ਰਹਿਤ ਏਰੀਅਲ ਵਾਹਨਾਂ (ਯੂਏਵੀ) ਨੂੰ ਗੁਰਦਾਸਪੁਰ ਵਿਚ ਕਿਸੇ ਵੀ ਤਰਾਂ ਦੀ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਚੌਕਸੀ ਰੱਖਣ ਲਈ ਸ਼ਾਮਲ ਕੀਤਾ ਹੈ। ਉਨਾਂ ਦੱਸਿਆ ਕਿ ਇਸ ਦੀ ਵਰਤੋਂ ਕਰਦਿਆਂ ਪੂਰੇ ਸ਼ਹਿਰ ਉੱਤੇ ਬਾਜ਼ ਨਜ਼ਰ ਰੱਖੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਸੁਰੱਖਿਆ ਪਹਿਲਾਂ ਹੀ ਸਖ਼ਤ ਕਰ ਦਿੱਤੀ ਗਈ ਹੈ ਅਤੇ ਕਰੀਬ 1200 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨਾਂ ਕਿਹਾ ਕਿ ਜਿਲੇ ਵਿਚ ਚੌਵੀ ਘੰਟੇ ਚੌਕਸੀ ਰੱਖੀ ਜਾ ਰਹੀ ਹੈ , ਜਿਸ ਲਈ ਪੁਲਿਸ ਅਧਿਕਾਰੀਆਂ ਦੀਆਂ ਵੱਖ-ਵੱਖ ਗਸ਼ਤ ਪਾਰਟੀਆਂ ਸਥਾਪਤ ਕੀਤੀਆਂ ਗਈਆਂ ਹਨ।
ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਕਿਤੇ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ, ਤਾਂ ਉਸਨੂੰ ਤੁਰੰਤ ਦੇਸ਼ ਅਤੇ ਸਮਾਜ ਪ੍ਰਤੀ ਡਿਊਟੀ ਸਮਝਦੇ ਹੋਏ ਨੇੜਲੇ ਪੁਲਿਸ ਥਾਣੇ ਵਿਚ ਸੂਟਿਤ ਕੀਤਾ ਜਾਵੇ। ਲੋਕ 112 ਤੇ ਕਾਲ ਕਰਕੇ ਵੀ ਸੂਚਨਾ ਦੇ ਸਕਦੇ ਹਨ।