ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਮਨਾਇਆ ਗਿਆ ਯੋਗਾ ਦਿਵਸ

ਅੰਮ੍ਰਿਤਸਰ 21 ਜੂਨ 2021
ਅੱਜ ਯੋਗ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਦੀ ਯੋਗ ਅਗਵਾਈ ਵਿੱਚ ਕੋਵਿਡ 19 ਦੇ ਪ੍ਰਭਾਵ ਸਬੰਧੀ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੰਤਰਰਾਸ਼ਟਰੀ ਯੋਗਾ ਦਿਵਸ ਆਨ-ਲਾਈਨ ਮਨਾਇਆ ਗਿਆ। ਇਸ ਆਨਲਾਈਨ ਸਮਾਗਮ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੋਗਾ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਰੋਨਾ-ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਭਿਆਨਕ ਪ੍ਰਭਾਵ ਕਾਰਨ ਸਾਰਾ ਸੰਸਾਰ ਡਰ ਅਤੇ ਸਹਿਮ ਦੀ ਸਥਿਤੀ ਵਿੱਚ ਹੈ। ਅਜਿਹੇ ਹਾਲਤਾਂ ਵਿੱਚ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਤੇ ਵੀ ਅਸਰ ਹੋਇਆ ਹੈ। ਅਜਿਹੀ ਤਨਾਅ ਭਰੀ ਜਿੰਦਗੀ ਤੋਂ ਰਾਹਤ ਪਾਉਣ ਲਈ ਯੋਗ ਆਸਣ ਦਾ ਮਨੁੱਖੀ ਜਿੰਦਗੀ ਵਿੱਚ ਵਿਸ਼ੇਸ਼ ਮਹੱਤਵ ਹੈ। ਯੋਗ ਆਸਣ ਜਿੱਥੇ ਸਾਡੇ ਸਰੀਰਕ ਸੰਤੁਲਨ ਨੂੰ ਬਰਕਰਾਰ ਰੱਖਦਾ ਹੈ। ਉਥੇ ਮਾਨਸਿਕ ਪੱਧਰ ਨੂੰ ਵੀ ਸੰਤੁਲਨ ਪ੍ਰਦਾਨ ਕਰਦਾ ਹੈ। ਮਨ ਦੀ ਇਕਾਗਰਤਾ ਲਈ ਯੋਗ ਆਸਣ ਦੀ ਵਿਸ਼ੇਸ਼ ਮਹੱਤਤਾ ਹੈ। ਸਾਨੂੰ ਸਾਰਿਆਂ ਨੂੰ ਯੋਗ ਆਸਣ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਯੋਗ ਆਸਣ ਸਰੀਰਕ ਬਿਮਾਰੀਆਂ ਦੇ ਨਾਲ-ਨਾਲ ਮਾਨਸਿਕ ਬਿਮਾਰੀਆਂ ਦੇ ਡਰ ਤੋਂ ਵੀ ਰਾਹਤ ਦਿੰਦਾ ਹੈ। ਮਨ ਦੀ ਇਕਾਗਰਤਾ ਤੇ ਤੰਦਰੁਸਤੀ ਹੀ ਸਰੀਰ ਦੀ ਇਕਾਗਰਤਾ ਤੇ ਤੰਦਰੁਸਤੀ ਦਾ ਆਧਾਰ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਯੋਗ ਆਸਣ ਨੂੰ ਇਕ ਨਿਯਮ ਦੇ ਤੌਰ ਤੇ ਆਪਣੀ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਸਮੇਂ ਕਾਲਜ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਸਰੀਕਰ ਸਿੱਖਿਆ ਵਿਭਾਗ ਦੇ ਪ੍ਰੋ: ਗੁਰਬੀਰ ਸਿੰਘ ਦੀ ਨਿਗਰਾਨੀ ਹੇਠ ਯੋਗ ਆਸਣ ਦੀ ਕਿਰਿਆ ਵਿੱਚ ਭਾਗ ਲਿਆ। ਹੋਰਨਾਂ ਤੋਂ ਇਲਾਵਾ ਇਸ ਆਨਲਾਈਨ ਯੋਗ ਆਸਣ ਸਮਾਗਮ ਵਿੱਚ ਡਾ. ਨਿਸ਼ਾ ਛਾਬੜਾ, ਡਾ. ਮਨਜੀਤ ਕੌਰ, ਡਾ. ਜਤਿੰਦਰ ਕੌਰ, ਡਾ. ਰੁਪਿੰਦਰਪ੍ਰੀਤ ਕੌਰ, ਪ੍ਰੋ: ਅਮਾਨਤ ਮਸੀਹ ਆਦਿ ਹਾਜ਼ਰ ਸਨ।
ਯੋਗਾ ਦਿਵਸ ਦੀਆਂ ਵੱਖ ਵੱਖ ਤਸਵੀਰਾਂ

Spread the love