ਗੁੜ੍ਹੇ ਪਿੰਡ ਦੇ ਦਲਿਤਾਂ ਨੇ ਕਮਿਸ਼ਨ ਤੱਕ ਕੀਤੀ ਪਹੁੰਚ 

‘ਸਰਪਲੱਸ’ ਹੋਈ ਜ਼ਮੀਨ ਅਲਾਟੀਆਂ ਨੂੰ ਨਾ ਮਿਲਣ ਦਾ ਮਾਮਲਾ
ਡਾ. ਸਿਆਲਕਾ ਨੇ ਡੀ.ਸੀ. ਤੋਂ 18 ਜੂਨ ਤੱਕ ਮੰਗੀ ਰਿਪੋਰਟ
ਲੁਧਿਆਣਾ, 29 ਮਈ  2021  ਕੁਝ ਦਹਾਕੇ ਪਹਿਲਾਂ ਗ੍ਰਾਮ ਪੰਚਾਇਤ ਪਿੰਡ ਗੁੜ੍ਹੇ ਵਿਖੇ ‘ਸਰਪਲੱਸ’ ਹੋਈ ਜ਼ਮੀਨ ਦਾ ਕਬਜਾ ਯੋਗ ਅਲਾਟੀਆਂ ਨੂੰ ਨਾ ਮਿਲਣ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਪੁੱਜਾ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਸਰਕਟ ਹਾਊਸ ਵਿਖੇ ਗੁੜ੍ਹੇ ਪਿੰਡ ਦੇ ਦਲਿਤ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ‘ਵਫਦ’ ਦੇ ਰੂਪ ਵਿੱਚ ਮਿਲਕੇ ਦੱਸਿਆ ਕਿ 1977 ਵਿੱਚ ਜੋ ਜ਼ਮੀਨ ਉਨਾਂ੍ਹ ਨੂੰ ਸਰਪਲੱਸ ਹੋਈ ਸੀ, ਕਈ ਦਹਾਕੇ ਬੀਤਣ ਦੇ ਬਾਵਜੂਦ ਵੀ ਅਲਾਟ ਹੋਈ ਜ਼ਮੀਨ ਯੋਗ ਅਲਾਟੀਆਂ ਨੂੰ ਨਹੀਂ ਮਿਲ ਸਕੀ ਹੈ।
ਡਾ. ਸਿਆਲਕਾ ਨੇ ਦੱਸਿਆ ਕਿ ਦਲਿਤ ਅਤੇ ਬੇਘਰੇ ਲੋਕਾਂ ਲਈ ਅਲਾਟ ਹੋਈ ਜ਼ਮੀਨ ‘ਤੇ ਹੋਰ ਵਰਗ ਦਾ ਕਬਜਾ ਹੋਣਾ, ਦਲਿਤ ਪਰਿਵਾਰਾਂ ਦੇ ਹੱਕਾਂ ਦੇ ਨਾਲ ਸਰਾਸਰ ਜ਼ਿਆਦਤੀ ਹੈ. ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਦੱਸਿਆ ਕਿ ਯੋਗ ਅਲਾਟੀਆਂ ਨੂੰ ਅਲਾਟ ਹੋਈ ਜਗ੍ਹਾ ਦਾ ਕਬਜਾ ਦਵਾਉਂਣ ਲਈ ਸਭ ਤੋਂ ਪਹਿਲਾਂ ਅਲਾਟ ਹੋਈ ਜ਼ਮੀਨ ਦੀ ਸਥਿਤੀ ਦਾ ਪਤਾ ਕਰਵਾਉਂਣ ਅਤੇ ਯੋਗ ਲਾਭਪਤਰੀਆਂ ਦਾ ਵੇਰਵਾ ਪ੍ਰਾਪਤ ਕਰਨ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ  ਅਲਾਟੀਆਂ ਦਾ ਵੇਰਵਾ ਤੇ ਸਰਪਲੱਸ ਹੋਈ ਜ਼ਮੀਨ ਨਾਲ ਸਬੰਧਤ ਸਟੇਟਸ ਰਿਪੋਰਟ 18 ਜੂਨ 2021 ਤੱਕ ਕਮਿਸ਼ਨ ਤੱਕ ਪੁੱਜਦਾ ਕਰਨ ਲਈ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਇਸ ਮੌਕੇ ਸੁਪਰਵਾਈਜਰ ਸ ਸਿੰਘ, ਸਰਪੰਚ ਹਰਭਜਨ ਸਿੰਘ ਗੁੜ੍ਹੇ,ਨਿਰਮਲ ਸਿੰਘ,ਬਿਕਰ ਸਿੰਘ,ਜੁਗਰਾਜ ਸਿੰਘ,ਨਿਰੰਜਨ ਸਿੰਘ ਤੋਂ ਇਲਾਵਾ ਡਾ ਸਿਆਲਕਾ ਦੇ ਲੋਕ ਸੰਪਰਕ ਅਫਸਰ ਸ੍ਰ ਸਤਨਾਮ ਸਿੰਘ ਗਿੱਲ, ਸ੍ਰ ਲਖਵਿੰਦਰ ਸਿੰਘ ਆਦਿ ਹਾਜਰ ਸਨ। ਯ ਗੁੜ੍ਹੇ ਪਿੰਡ ਦੇ ਵਸਨੀਕ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਨੂੰ ਮੰਗ ਪੱਤਰ ਦਿੰਦੇ ਹੋਏ।

Spread the love