ਗੱਟੀ ਰਾਜੋ ਕੇ ਸਕੂਲ ਨੇ ਆਪਣੀ ਵੈੱਬਸਾਈਟ ਲਾਂਚ ਕਰਨ ਦੀ ਕੀਤੀ ਪਹਿਲ

ਆਧੁਨਿਕ ਤਕਨੀਕ ਦੀ ਸੁਚੱਜੀ ਵਰਤੋਂ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ: ਕੁਲਵਿੰਦਰ ਕੌਰ ਡੀ ਈ ਓ ।
ਫਿਰੋਜ਼ਪੁਰ 5 ਅਗਸਤ 2021 ਹਿੰਦ ਪਾਕਿ ਸਰਹੱਦ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵੱਲੋਂ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਪਹਿਲ ਕਰਦਿਆਂ ਆਪਣੇ ਸਕੂਲ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਨਾਉਣ ਅਤੇ ਗੁਣਾਤਮਕ ਸਿਖਿਆ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਕੂਲ ਦੀ ਵੈਬਸਾਈਟ ਤਿਆਰ ਕੀਤੀ ।ਸਕੂਲ ਦੇ ਕੰਪਿਊਟਰ ਅਧਿਆਪਕਾਂ ਸ੍ਰੀਮਤੀ ਵਿਜੇ ਭਾਰਤੀ ਵੱਲੋ ਪ੍ਰਿਤਪਾਲ ਸਿੰਘ ਅਤੇ ਮਹਿਮਾ ਕਸ਼ਅਪ ਦੇ ਸਹਿਯੋਗ ਨਾਲ ਤਿਆਰ ਕੀਤੀ ਸਕੂਲ ਵੈਬਸਾਈਟ ਨੂੰ ਜਿਲ੍ਹਾ ਸਿਖਿਆ ਅਫਸਰ (ਸੈਕੰਡਰੀ ) ਫਿਰੋਜ਼ਪੁਰ ਸ੍ਰੀਮਤੀ ਕੁਲਵਿੰਦਰ ਕੌਰ ਅਤੇ ਡਿਪਟੀ ਡੀ ਈ ਉ ਕੋਮਲ ਅਰੋੜਾ ਵੱਲੋ ਰਸਮੀ ਤੋਰ ਤੇ ਲਾਂਚ ਕੀਤਾ । ਇਸ ਮੌਕੇ ਡੀ ਈ ਓ ਵੱਲੋਂ ਸਕੂਲ ਅਧਿਆਪਕਾਂ ਵਲੋਂ ਨਿੱਜੀ ਤੌਰ ਤੇ ਤਿਆਰ ਕੀਤੀ ਵੈੱਬਸਾਈਟ ਦੇ ਨਿਵੇਕਲੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਵਿੱਚ ਸਹਾਈ ਹੋਵੇਗੀ । ਉਨ੍ਹਾਂ ਕਿਹਾ ਕਿ ਅੱਜ ਮੁਕਾਬਲੇ ਦੇ ਯੁੱਗ ਦੇ ਵਿੱਚ ਆਧੁਨਿਕ ਤਕਨੀਕ ਦੀ ਸੁਚੱਜੀ ਵਰਤੋਂ ਵਿਦਿਆਰਥੀ ਵਰਗ ਦੇ ਸਮੁੱਚੇ ਵਿਕਾਸ ਲਈ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਉਚਿਤ ਵਰਤੋਂ ਕਰਨ ਦੀ ਗੱਲ ਵੀ ਕਹੀ।ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਸਕੂਲ ਦੇ ਕੰਪਿਊਟਰ ਅਧਿਆਪਕਾਂ ਨੇ ਬਿਨਾਂ ਕਿਸੇ ਖਰਚ ਦੇ ਜੋ ਵੈਬਸਾਈਟ ਤਿਆਰ ਕਰਨ ਦੀ ਪਹਿਲ ਕਦਮੀ ਕੀਤੀ ਹੈ ,ਇਹ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਦੇ ਨਾਲ ਅਧੁਨਿਕ ਸਿਖਿਆ ਨਾਲ ਸਬੰਧਤ ਮੁਬਾਇਲ ਐਪ,ਕਿਤਾ ਅਗਵਾਈ ,ਸਿਖਿਆ ਵਿਭਾਗ ਦੇ ਐਜੁਕੇਅਰ ਐਪ ਅਤੇ ਸਿਖਿਆ ਬੋਰਡ ਸਬੰਧੀ ਸਾਰੀ ਲੋੜੀਂਦੀ ਜਾਨਕਾਰੀ ਇਕੋ ਹੀ ਸਾਈਟ ਤੇ ਉਪਲੱਬਧ ਕਰਵਾਉਣ ਦਾ ਉਪਰਾਲਾ ਕੀਤਾ ਜੋ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ । ਕੰਪਿਊਟਰ ਅਧਿਆਪਕਾ ਵਿਜੈ ਭਾਰਤੀ ਨੇ ਵੈੱਬਸਾਈਟ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।ਇਸ ਮੌਕੇ ਕੋਮਲ ਅਰੋੜਾ ਉਪ ਜਿਲ੍ਹਾ ਸਿਖਿਆ ਅਫਸਰ ,ਪਰਮਿੰਦਰ ਸਿੰਘ ਸੋਢੀ , ਸੰਦੀਪ ਕੁਮਾਰ ,ਸੁਖਚੈਨ ਸਿੰਘ ਸਟੈਨੋ, ਅਮਨ ਸ਼ਰਮਾ ਸੀਨੀਅਰ ਸਹਾਇਕ , ਦਿਨੇਸ਼ ਕੁਮਾਰ ,ਹਰਜਿੰਦਰ ਕੌਰ ,ਸ੍ਰੀਮਤੀ ਮਹਿਮਾ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

Spread the love