ਆਕਸੀਜਨ ਲੈਵਲ ਘੱਟਣ ਜਾਂ ਹੋਰ ਅਲਾਮਤਾਂ ਆਉਣ ਤੇ ਅਜਿਹੇ ਲੋਕ ਕਰਨ ਸਿਹਤ ਵਿਭਾਗ ਨਾਲ ਰਾਬਤਾ
ਕਿਸੇ ਵੀ ਮੁਸਕਿਲ ਸਮੇਂ 104 ਤੇ ਕਰੋ ਕਾਲ
ਫਾਜ਼ਿਲਕਾ 19 ਮਈ, 2021:
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਆਈਏਐਸ ਨੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਕਿਹਾ ਕਿ ਘਰਾਂ ਵਿਚ ਰਹਿ ਕੇ ਇਲਾਜ ਕਰਵਾ ਰਹੇ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ਅਤੇ ਉਨਾਂ ਨੂੰ ਸਮੇਂ ਸਮੇਂ ਸਿਰ ਡਾਕਟਰੀ ਸਲਾਹ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ ਜੇਕਰ ਅਜਿਹੇ ਮਰੀਜਾਂ ਦੀ ਹਾਲਤ ਵਿਚ ਕੋਈ ਵਿਗਾੜ ਆਉਣ ਲੱਗੇ ਤਾਂ ਬਿਨਾ ਦੇਰੀ ਇੰਨਾਂ ਨੂੰ ਹਸਪਤਾਲ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਕਿਹਾ ਕਿ ਅਜਿਹੇ ਮਰੀਜਾਂ ਨੂੰ ਘਰ ਵਿਚ ਸਿਹਤ ਸੰਭਾਲ ਲਈ ਪੂਰੀ ਤਰਾਂ ਨਾਲ ਜਾਗਰੂਕ ਕੀਤਾ ਜਾਵੇ। ਉਨਾਂ ਨੇ ਘਰਾਂ ਵਿਚ ਰਹਿ ਕੇ ਇਲਾਜ ਕਰਵਾ ਰਹੇ ਮਰੀਜਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੀ ਸਿਹਤ ਵਿਗੜਨ ਲੱਗੇ ਤਾਂ ਉਹ ਹਸਪਤਾਲ ਜਾਣ ਵਿਚ ਦੇਰੀ ਨਾ ਕਰਨ। ਉਨਾਂ ਨੇ ਕਿਹਾ ਕਿ ਜਲਾਲਾਬਾਦ ਤੋਂ ਬਾਅਦ ਹੁਣ ਜਲਦ ਹੀ ਰਾਮਸਰਾ ਦਾ ਕੋਵਿਡ ਕੇਅਰ ਸੈਂਟਰ ਵੀ ਸ਼ੁਰੂ ਹੋਣ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਹਸਪਤਾਲ ਚੱਲਿਆ ਜਾਵੇ ਤਾਂ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ। ਉਨਾਂ ਨੇ ਕਿਹਾ ਕਿ ਪਾਜਿਟਿਵ ਆਏ ਮਰੀਜ ਆਪਣੀ ਦਵਾਈਆਂ ਦੀ ਮੁਫ਼ਤ ਫਤਿਹ ਕਿੱਟ ਪ੍ਰਾਪਤ ਕਰਨ ਲਈ 104 ਨੰਬਰ ਤੇ ਕਾਲ ਕਰ ਸਕਦੇ ਹਨ ਜਦ ਕਿ ਹਸਪਤਾਲ ਜਾਣ ਲਈ ਮੁਫ਼ਤ ਐਂਬੂਲੇਂਸ ਬੁਲਾਉਣ ਲਈ 108 ਨੰਬਰ ਤੇ ਕਾਲ ਕਰ ਸਕਦੇ ਹਨ। ਉਨਾਂ ਨੇ ਕਿਹਾ ਕਿ ਜੇਕਰ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਮਰੀਜਾਂ ਨੂੰ ਸਿਹਤ ਸਹੁਲਤਾਂ ਦੇਣ ਵਿਚ ਕੋਈ ਢਿੱਲ ਰਹੀ ਤਾਂ ਸਬੰਧਤ ਦੀ ਜਿੰਮੇਵਾਰੀ ਤੈਅ ਕਰਕੇ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ: ਪਰਮਿੰਦਰ ਨੇ ਕਿਹਾ ਕਿ ਘਰ ਵਿਚ ਰਹਿ ਰਹੇ ਮਰੀਜ ਦੀ ਆਕਸੀਜਨ ਜੇਕਰ 94 ਤੋਂ ਘੱਟਣ ਲੱਗੇ ਜਾਂ ਬੁਖਾਰ ਲਗਾਤਾਰ 100.5 ਡਿਗਰੀ ਤੋਂ ਵੱਧ ਹੋਵੇ, ਸਾਹ ਲੈਣ ਵਿਚ ਔਖ ਹੋਵੇ ਤਾਂ ਤੁਰੰਤ ਉਹ 104 ਨੰਬਰ ਤੇ ਕਾਲ ਕਰਕੇ ਹਸਪਤਾਲ ਵਿਚ ਭਰਤੀ ਹੋਣ ਨੂੰ ਤਰਜੀਹ ਦੇਣ। ਉਨਾਂ ਨੇ ਕਿਹਾ ਕਿ ਘਰਾਂ ਵਿਚ ਰਹਿ ਰਹੇ ਲੋਕ ਕਿਸੇ ਵੀ ਮੁਸਕਿਲ ਸਮੇਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਬੇਝਿਜਕ ਕਾਲ ਕਰਨ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ: ਅਮਰੀਕ ਸਿੰਘ ਸਿੱਧੂ, ਵੈਕਸੀਨੇਸ਼ਨ ਨੋਡਲ ਅਫ਼ਸਰ ਡਾ: ਚਰਨਜੀਤ, ਸੈਂਪਿਗ ਨੋਡਲ ਅਫ਼ਸਰ ਡਾ: ਐਰਿਕ ਵੀ ਹਾਜਰ ਸਨ।