ਸਿਹਤ ਵਿਭਾਗ ਨੂੰ 200 ਫੂਡ ਕਿੱਟਾਂ ਦੀ ਮਿਲੀ ਪਹਿਲੀ ਖੇਪ
ਨਵਾਂਸ਼ਹਿਰ, 28 ਅਪ੍ਰੈਲ 2021 : ਮਾਣਯੋਗ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਮੁਹਿੰਮ ਛੇੜੀ ਹੋਈ ਹੈ। ਇਸੇ ਕੜੀ ਤਹਿਤ ਕੋਵਿਡ-19 ਮਰੀਜ਼ਾਂ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਨੇ ਫਤਹਿ ਕਿੱਟਾਂ ਦੇ ਨਾਲ-ਨਾਲ ਹੁਣ ਘਰ ਵਿੱਚ ਇਕਾਂਤਵਾਸ ਲੋੜਵੰਦ ਕੋਵਿਡ-19 ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੀ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਨੂੰ 200 ਫੂਡ ਕਿੱਟਾਂ ਦੀ ਪਹਿਲੀ ਖੇਪ ਮਿਲ ਗਈ ਹੈ। ਇਨ੍ਹਾਂ ਕਿੱਟਾਂ ਵਿਚ 10-10 ਕਿਲੋਗ੍ਰਾਮ ਆਟਾ, 2-2 ਕਿਲੋਗ੍ਰਾਮ ਕਾਲੇ ਛੋਲੇ ਅਤੇ 2-2 ਕਿਲੋਗ੍ਰਾਮ ਖੰਡ ਸ਼ਾਮਲ ਹੈ।
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ ਵਿੱਚ ਇਕਾਂਤਵਾਸ ਦੌਰਾਨ ਲੋੜਵੰਦ ਲੋਕਾਂ ਦੀਆਂ ਖਾਣ ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਸੰਕਟ ਦੇ ਸਮੇਂ ਭੋਜਨ ਲਈ ਪ੍ਰੇਸ਼ਾਨ ਨਾ ਹੋਣਾ ਪਵੇ ।
ਡਾ. ਕਪੂਰ ਨੇ ਅੱਗੇ ਦੱਸਿਆ ਕਿ ਇਹ ਭੋਜਨ ਪੈਕਟ ਰੋਜ਼ਾਨਾ ਉਨ੍ਹਾਂ ਲੋੜਵੰਦ ਦਿਹਾੜੀਦਾਰ ਅਤੇ ਮਜ਼ਦੂਰਾਂ ਨੂੰ ਵੰਡੇ ਜਾਣਗੇ, ਜਿਨ੍ਹਾਂ ਦਾ ਕੋਵਿਡ ਟੈਸਟ ਪਾਜ਼ੀਟਿਵ ਆਉਣ ਉਪਰੰਤ ਘਰ ਵਿੱਚ ਇਕਾਂਤਵਾਸ ਅਧੀਨ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਉਦੇਸ਼ ਗਰੀਬ ਲੋਕਾਂ ਖ਼ਾਸਕਰ ਦਿਹਾੜੀਦਾਰਾਂ ਲਈ ਇਕਾਂਤਵਾਸ ਦੌਰਾਨ ਰੋਜ਼ਾਨਾ ਭੋਜਨ ਨੂੰ ਯਕੀਨੀ ਬਣਾਉਣਾ ਹੈ ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਹੀ ਪੋਜ਼ੀਟਿਵ ਆਏ ਵਿਅਕਤੀਆਂ ਨੂੰ ਮਿਸ਼ਨ ਫਤਹਿ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਉਹ ਇਲਾਜ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖ ਸਕਣ। ਹੁਣ ਜ਼ਿਲ੍ਹੇ ਵਿਚ ਫਤਹਿ ਕਿੱਟਾਂ ਦੇ ਨਾਲ ਫੂਡ ਕਿੱਟਾਂ ਵੀ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਰਫ਼ ਲੋੜਵੰਦਾਂ ਨੂੰ ਹੀ ਅਜਿਹੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
###
###