ਘੱਟ ਦਰਾਂ ’ਤੇ ਮਿਆਰੀ ਸੇਵਾਵਾਂ ਦੇਣ ਲਈ 25 ਸਰਕਾਰੀ ਹਸਪਤਾਲਾਂ ਵਿੱਚ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ ’ਤੇ ਐਮ.ਆਰ.ਆਈ. ਅਤੇ ਸੀ.ਟੀ. ਸੈਂਟਰ ਸਥਾਪਤ ਕੀਤੇ ਜਾਣਗੇ : ਚੇਅਰਮੈਨ ਚੀਮਾ

ਬਟਾਲਾ, 16 ਜੁਲਾਈ 2021 ਇਕ ਛੱਤ ਹੇਠ ਐਮ.ਆਰ.ਆਈ, ਸੀ.ਟੀ. ਅਤੇ ਪੈਥੋਲੋਜੀ ਦੇ ਸਾਰੇ ਜ਼ਰੂਰੀ ਟੈਸਟਾਂ ਦੀ ਸਹੂਲਤ ਦੇਣ ਲਈ, ਪੰਜਾਬ ਸਰਕਾਰ ਨੇ ਲੋੜਵੰਦ ਮਰੀਜ਼ਾਂ ਵਾਸਤੇ 25 ਸਰਕਾਰੀ ਹਸਪਤਾਲਾਂ ਵਿਚ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ ’ਤੇ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਵਿਚ ਅਜਿਹੀਆਂ ਡਾਇਗਨੌਸਟਿਕ ਸੇਵਾਵਾਂ ਜ਼ਿਆਦਾਤਰ ਨਿੱਜੀ ਖੇਤਰ ਵਿੱਚ ਉਪਲੱਬਧ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਡਾਇਰਨੌਸਟਿਕ ਸੇਵਾਵਾਂ ਦੇ ਕੇਂਦਰ 22 ਜ਼ਿਲ੍ਹਾ ਹਸਪਤਾਲਾਂ ਅਤੇ ਖੰਨਾ, ਫਗਵਾੜਾ, ਰਾਜਪੁਰਾ ਦੇ 3 ਸਬ ਡਵੀਜ਼ਨਲ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾਣਗੇ। ਇਨਾਂ ਸਹੂਲਤਾਂ ਦੀ ਉਪਲਬਧਤਾ ਦੇ ਨਾਲ ਲੋਕਾਂ ਨੂੰ ਭਾਰੀ ਚਾਰਜਿਜ਼ ਅਦਾ ਕਰਨ ਲਈ ਨਿੱਜੀ ਕੇਂਦਰਾਂ ਵਿੱਚ ਨਹੀਂ ਜਾਣਾ ਪਵੇਗਾ।
ਸ. ਚੀਮਾ ਨੇ ਸਪੱਸ਼ਟ ਕੀਤਾ ਕਿ ਹੋਰ ਸਾਰੇ ਟੈਸਟ ਜੋ ਪਹਿਲਾਂ ਹੀ ਸਰਕਾਰੀ ਲੈਬਾਟਰੀਆਂ ਵਿੱਚ ਮੁਫਤ ਕੀਤੇ ਜਾ ਰਹੇ ਹਨ, ਜਲਦ ਹੀ ਉਪਲੱਬਧ ਹੋਣਗੇ। ਉਨਾਂ ਕਿਹਾ ਕਿ ਲੋਕਾਂ ਦੀ ਜ਼ਰੂਰਤ ਦੀ ਪੂਰਤੀ ਅਤੇ ਰਾਜ ਭਰ ਵਿੱਚ ਨਿਰਧਾਰਤ ਰੇਟਾਂ ’ਤੇ ਸਾਰੇ ਟੈਸਟ ਮੁਹੱਈਆ ਕਰਵਾਉਣ ਲਈ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਪ੍ਰਾਜੈਕਟਾਂ ਵਿੱਚ ਦਿੱਤੀਆਂ ਗਈਆਂ ਭਾਰੀ ਛੋਟਾਂ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਹਰਿਆਣਾ, ਉੱਤਰ ਪ੍ਰਦੇਸ਼ (ਰੇਡੀਓਲੌਜੀ) ਸਮੇਤ ਹੋਰਨਾਂ ਰਾਜਾਂ ਵਿੱਚ ਚੱਲ ਰਹੇ ਅਜਿਹੇ ਪੀ.ਪੀ.ਪੀ. ਪ੍ਰੋਜੈਕਟਾਂ ਦੀ ਤੁਲਨਾ ਵਿੱਚ ਪੰਜਾਬ, ਮੋਹਰੀ ਸੂਬਿਆਂ ਵਿੱਚੋਂ ਹੈ। ਹਾਲਾਂਕਿ, ਰਾਜ ਦੇ ਪੀ.ਪੀ.ਪੀ. ਪ੍ਰੋਜੈਕਟ ਦੇ ਤਹਿਤ ਸੀ.ਟੀ. ਐਮਆਰਆਈ ਅਤੇ ਪੈਥੋਲੋਜੀਕਲ ਸੇਵਾਵਾਂ ਦੀਆਂ ਦਰਾਂ ਦੇਸ਼ ਵਿੱਚ ਸਭ ਤੋਂ ਘੱਟ ਹੋਣ ਦੀ ਉਮੀਦ ਹੈ। ਚੇਅਰਮੈਨ ਚੀਮਾ ਨੇ ਕਿਹਾ ਕਿ ਕਿਫਾਇਤੀ ਕੀਮਤਾਂ ’ਤੇ ਇਹ ਮਿਆਰੀ ਸੇਵਾਵਾਂ ਦੇਣ ਦੀ ਵਿਵਸਥਾ ਨਾਲ ਰਾਜ ਦੇ ਵਸਨੀਕਾਂ ਨੂੰ ਕਾਫ਼ੀ ਲਾਭ ਮਿਲੇਗਾ।
ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੰਤਵ ਸਾਰੇ ਜ਼ਿਲਾ ਹਸਪਤਾਲਾਂ ਅਤੇ ਤਿੰਨ ਸਬ ਡਵੀਜ਼ਨਲ ਹਸਪਤਾਲਾਂ ਵਿੱਚ ਮਜ਼ਬੂਤ ਰੇਡੀਓ ਡਾਇਗਨੌਸਟਿਕ ਪ੍ਰਣਾਲੀ ਨੂੰ ਸਥਾਪਤ ਕਰਨਾ ਹੈ। ਉਨਾਂ ਕਿਹਾ ਕਿ 25 ਹਸਪਤਾਲਾਂ ਨੂੰ ਛੇ ਕਲੱਸਟਰਾਂ ਵਿੱਚ ਵੰਡਿਆ ਜਾਵੇਗਾ ਅਤੇ ਹਰ ਕਲੱਸਟਰ ਦੇ ਇੱਕ ਹਸਪਤਾਲ ਵਿੱਚ ਇੱਕ ਐਮ.ਆਰ.ਆਈ. ਅਤੇ ਸੀ.ਟੀ. ਸੈਂਟਰ ਅਤੇ ਹੋਰ ਹਸਪਤਾਲਾਂ ਵਿੱਚ ਕੇਵਲ ਸੀ.ਟੀ. ਸਹੂਲਤ ਦੀ ਹੀ ਸੇਵਾ ਮੁਹੱਈਆ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਰਾਹੀਂ ਸੀ.ਜੀ.ਐਚ.ਐਸ. ਕੀਮਤਾਂ ’ਤੇ 36 ਫੀਸਦੀ ਤੋਂ 48 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਪੰਜਾਬ ਵਾਸੀ ਹੁਣ ਰੇਡੀਓ ਡਾਇਗਨੌਸਟਿਕ ਸੇਵਾਵਾਂ ’ਤੇ ਸਭ ਤੋਂ ਜ਼ਿਆਦਾ ਸਬਸਿਡੀ ਹਾਸਲ ਕਰਨ ਦੇ ਯੋਗ ਹੋਣਗੇ।

Spread the love