-ਜ਼ਿਲ੍ਹੇ ਦੀਆਂ ਵੱਖ-ਵੱਖ ਟਰੇਡਾਂ ਦੀਆਂ 3881 ਪੋਸਟਾਂ ਲਈ ਨੌਜਵਾਨ ਕਰ ਸਕਦੇ ਹਨ ਅਪਲਾਈ
ਹੁਸ਼ਿਆਰਪੁਰ, 29 ਅਗਸਤ:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਰੂਰਤਮੰਦ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 24 ਸਤੰਬਰ ਤੋਂ 30 ਸਤੰਬਰ ਤੱਕ 6ਵਾਂ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਜ਼ਿਲ੍ਹੇ ਲਈ 3881 ਪੋਸਟਾਂ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਹਿੱਸਾ ਲੈਣ ਲਈ ਨੌਜਵਾਨ ਪੰਜਾਬ ਦੇ ਪੋਰਟਲ ਘਰ-ਘਰ ਰੋਜ਼ਗਾਰ ਦੀ ਵੈਬਸਾਈਟ www.pgrkam.com ’ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਤੋਂ ਬਾਅਦ ਬਿਨੇਕਾਰ ਵੱਖ-ਵੱਖ ਖਾਲੀ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ ਅਤੇ ਇਸ ਪੋਰਟਲ ’ਤੇ ਵੱਖ-ਵੱਖ ਟਰੇਡਾਂ ਦੀਆਂ ਖਾਲੀ ਪੋਸਟਾਂ ਤੇ ਵੇਤਨ ਆਦਿ ਪੂਰਾ ਵਿਵਰਣ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਪੋਸਟਾਂ ਲਈ ਇਹ ਰਜਿਸਟਰੇਸ਼ਨ ਕੇਵਲ 14 ਸਤੰਬਰ ਤੱਕ ਹੀ ਹੋ ਸਕਦੀ ਹੈ। ਇਸ ਤੋਂ ਬਾਅਦ ਪੋਰਟਲ ’ਤੇ ਰਜਿਸਟਰੇਸ਼ਨ ਨਹੀਂ ਹੋ ਸਕਦੀ। ਇਸ ਲਈ ਜੋ ਜ਼ਰੂਰਤਮੰਦ ਨੌਜਵਾਨ ਇਸ ਮੇਲੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ 14 ਸਤੰਬਰ ਤੱਕ ਆਪਣੀ ਰਜਿਸਟਰੇਸ਼ਨ ਕਰਵਾ ਲੈਣ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸੂਬੇ ਵਿੱਚ ਲਗਭਗ 90 ਹਜ਼ਾਰ ਵੱਖ-ਵੱਖ ਖਾਲੀ ਪੋਸਟਾਂ ਅਪਲੋਡ ਕੀਤੀਆਂ ਗਈਆਂ ਹਨ, ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 3881 ਪੋਸਟਾਂ ਵੱਖ-ਵੱਖ ਟਰੇਡਾਂ ਵਿੱਚ ਅਪਲੋਡ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਈਨ ਨੰਬਰ 6280197708 ’ਤੇ ਸੰਪਰਕ ਕਰ ਸਕਦੇ ਹਨ।