ਛੇ ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ ਵਿੱਚ ਮਿਲੇਗੀ ਮਾਰਕਫੈੱਡ ਵੱਲੋਂ ਤਿਆਰ ਕੀਤੀ ਪੌਸ਼ਟਿਕ ਖੁਰਾਕ

ਬਟਾਲਾ, 21 ਜੂਨ 2021 ਪੰਜਾਬ ਸਰਕਾਰ ਵੱਲੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਨਵੀਂ ਪੌਸ਼ਟਿਕ ਖੁਰਾਕ ਦੀ ਸ਼ੁਰੂਆਤ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇਹ ਖੁਰਾਕ ਮਾਰਕਫੈੱਡ ਵੱਲੋਂ ਤਿਆਰ ਕਰਵਾਈ ਗਈ ਹੈ, ਜੋ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਘਰਾਂ ਵਿੱਚ ਹੀ ਉਪਲਬਧ ਕਰਵਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਪਲੀਮੈਂਟਰੀ ਨਿਊਟ੍ਰੀਸਨਲ ਪ੍ਰੋਗਰਾਮ ਅਧੀਨ ਆਂਗਨਵਾੜੀ ਸੈਂਟਰਾਂ ਰਾਹੀਂ 0-6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦਿੱਤੀ ਜਾਂਦੀ ਖੁਰਾਕ ਦੇ ਪੋਸ਼ਣ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਨਵੀਂ ਰੈਸੀਪੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਨਵੀਂ ਖੁਰਾਕ ਵਿੱਚ ਬੇਸਣ, ਮੂੰਗ ਦਾਲ ਸਾਬਤ, ਸੋਇਆ ਬੀਨ ਦਾ ਆਟਾ ਅਤੇ ਡਬਲ ਫੋਟੀਫਾਇਡ ਨਮਕ ਆਦਿ ਨੂੰ ਸਾਮਲ ਕੀਤਾ ਗਿਆ ਹੈ।
ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ/ਔਰਤਾਂ ਲਈ ‘ਉਡਾਣ’ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਡਾਣ ਸਕੀਮ ਤਹਿਤ ਲਾਭਪਾਤਰੀਆਂ ਨੂੰ 27,314 ਆਂਗਨਵਾੜੀ ਕੇਂਦਰਾਂ ਦੇ ਸੂਬਾ ਪੱਧਰੀ ਨੈਟਵਰਕ ਰਾਹੀਂ ਕਵਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੇ ਇਸ ਸਕੀਮ ਤਹਿਤ 40.55 ਕਰੋੜ ਰੁਪਏ ਸਾਲਾਨਾ ਖਰਚਣ ਦੀ ਯੋਜਨਾ ਬਣਾਈ ਹੈ। ਉਨਾਂ ਕਿਹਾ ਕਿ ਮਹਿਲਾਵਾਂ/ਲੜਕੀਆਂ ਨੂੰ ਮਾਸਿਕ ਧਰਮ ਸਬੰਧੀ ਬਿਮਾਰੀਆਂ ਤੋਂ ਬਚਾਉਣ, ਮਾਸਿਕ ਧਰਮ ਦੌਰਾਨ ਸਫ਼ਾਈ ਪ੍ਰਤੀ ਜਾਗਰੂਕ ਕਰਨ, ਮੁੱਢਲੇ ਸਫ਼ਾਈ ਉਤਪਾਦਾਂ ਤੱਕ ਪਹੁੰਚ ਵਧਾਉਣ, ਮਹਿਲਾਵਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਅਤੇ ਔਰਤਾਂ ਦੇ ਸਵੈ-ਮਾਣ ਨੂੰ ਵਧਾਉਣ ਦੇ ਉਦੇਸ਼ ਨਾਲ ਇਹ ਯੋਜਨਾ ਚਲਾਈ ਜਾ ਰਹੀ ਹੈ ਅਤੇ ਇਸ ਤਹਿਤ ਸਕੂਲ ਛੱਡ ਚੁੱਕੀਆਂ ਲੜਕੀਆਂ/ਸਕੂਲ ਤੋਂ ਬਾਹਰ ਦੀਆਂ ਲੜਕੀਆਂ, ਕਾਲਜ ਨਾ ਜਾਣ ਵਾਲੀਆਂ ਲੜਕੀਆਂ, ਬੀ.ਪੀ.ਐਲ. ਪਰਿਵਾਰਾਂ ਦੀਆਂ ਮਹਿਲਾਵਾਂ, ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀਆਂ ਅਤੇ ਬੇਘਰ ਮਹਿਲਾਵਾਂ, ਟੱਪਰੀਵਾਸ ਪਰਿਵਾਰਾਂ ਦੀਆਂ ਔਰਤਾਂ ਅਤੇ ਨੀਲੇ ਕਾਰਡ ਧਾਰਕ ਤੇ ਦੂਜੇ ਵਿਭਾਗਾਂ ਦੀ ਕਿਸੇ ਵੀ ਸਕੀਮ ਤਹਿਤ ਮੁਫ਼ਤ/ਸਬਸਿਡੀ ਵਾਲੇ ਸੈਨੇਟਰੀ ਪੈਡਾਂ ਦਾ ਲਾਭ ਨਹੀਂ ਲੈ ਰਹੀਆਂ ਔਰਤਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾਵੇਗਾ।

Spread the love