‘ਤੰਦਰੁਸਤੀ ਅਤੇ ਅਨੰਦਮਈ ਜੀਵਨ ਲਈ ਯੋਗਾ’ ਵਿਸ਼ੇ ‘ਤੇ ਕਰਵਾਏ ਵੈਬੀਨਾਰ ਦੌਰਾਨ ਵਿਦਵਾਨਾਂ ਨੇ ਯੋਗਾ ਦੀ ਮਹੱਤਤਾ ‘ਤੇ ਦਿੱਤਾ ਜ਼ੋਰ
ਪਟਿਆਲਾ, 21 ਜੂਨ 2021
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨ ਵਿਖੇ ਉਪ ਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਦੀ ਅਗਵਾਈ ‘ਚ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ‘ਤੰਦਰੁਸਤੀ ਅਤੇ ਅਨੰਦਮਈ ਜੀਵਨ ਲਈ ਯੋਗਾ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਅਜਿਹੇ ਵੈਬੀਨਾਰ ਯੋਗਾ ਦੇ ਅਨੇਕਾਂ ਚੰਗੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ‘ਚ ਸਹਾਈ ਹੁੰਦੇ ਹਨ। ਉਨ੍ਹਾਂ ਅਜੋਕੇ ਸਮੇਂ ਯੋਗਾ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆ ਕਿਹਾ ਕਿ ਕੋਵਿਡ-19 ਮਹਾਂਮਾਰੀ ਸਮੇਂ ਯੋਗਾ ਦੀ ਭੂਮਿਕਾ ਹੋਰ ਵੀ ਅਹਿਮ ਹੈ ਤਾਂ ਕਿ ਅਸੀਂ ਬਿਮਾਰੀਆਂ ਤੋਂ ਆਪਣੇ ਸਰੀਰ ਨੂੰ ਬਚਾਅ ਸਕੀਏ।
ਵੈਬੀਨਾਰ ਦੌਰਾਨ ਬ੍ਰਹਮ ਕੁਮਾਰੀ ਅਨੀਤਾ ਦੀਦੀ ਨੇ ਮਨੋਵਿਗਿਆਨਿਕ ਬਿਮਾਰੀਆਂ ਸਮੇਂ ਯੋਗਾ ਦੀ ਮਹੱਤਵਪੂਰਣ ਭੂਮਿਕਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੋਗਾ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਅਧਿਆਤਮਕ ਸਿਹਤ ਵਿੱਚ ਸੁਧਾਰ ਲਿਆ ਕੇ ਸੰਪੂਰਨ ਢੰਗ ਨਾਲ ਸਿਹਤਮੰਦ ਬਣਾਕੇ ਮਨੁੱਖ ਨੂੰ ਤੰਦਰੁਸਤ ਬਣਾਉਣ ‘ਚ ਸਹਾਈ ਹੁੰਦਾ ਹੈ।
ਗੁਜਰਾਤ ਦੇ ਉੱਘੇ ਅਭਿਆਸੀ ਡਾਕਟਰ ਰਾਜੀਵ ਮਿਸ਼ਰਾ ਨੇ ਇਸ ਮੌਕੇ ਯੋਗਾ ਦੀਆਂ ਤਕਨੀਕਾਂ ਨਾਲ ਠੀਕ ਹੋਣ ਵਾਲੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਜਿਸ ‘ਚ ਇਨਸੌਮਨੀਆ, ਸ਼ੂਗਰ, ਚਿੰਤਾ ਅਤੇ ਤਣਾਅ ਬਾਰੇ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਪੰਜਾਬ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਨੰਦਿਤਾ ਸਿੰਘ ਨੇ ਕਿਹਾ ਕਿ ਯੋਗਾ ਵਿਸ਼ਵ ਨੂੰ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਅਨਮੋਲ ਤੋਹਫ਼ਾ ਹੈ ਜੋ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਹਰ ਉਮਰ ਅਤੇ ਵਰਗ ਦੇ ਵਿਅਕਤੀ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ।
ਵੈਬੀਨਾਰ ‘ਚ ਵੱਡੀ ਗਿਣਤੀ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਮਾਗਮ ਦਾ ਸੰਚਾਲਨ ਡਾ. ਗੁਰਲੀਨ ਆਹਲੂਵਾਲੀਆ ਨੇ ਕੀਤਾ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਧਰਮ ਸਿੰਘ ਸੰਧੂ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ।