ਜਲਾਲਾਬਾਦ ਹਲਕੇ ਵਿੱਚ ਸੇਮ ਦੇ ਖਾਤਮੇ ਲਈ ਲੱਗੇਗਾ ਪ੍ਰੋਜੈਕਟ -ਵਿਧਾਇਕ ਜਗਦੀਪ ਕੰਬੋਜ ਗੋਲਡੀ 

ਜਲਾਲਾਬਾਦ, 25 ਫਰਵਰੀ  2025
ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਹਲਕੇ ਦੇ ਅਰਨੀਵਾਲਾ ਖੇਤਰ ਵਿੱਚ ਸੇਮ ਦੇ ਖਾਤਮੇ ਦਾ ਪ੍ਰੋਜੈਕਟ ਲਗਾਇਆ ਜਾਵੇਗਾ । ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਉਹਨਾਂ ਵੱਲੋਂ ਵਿਧਾਨ ਸਭਾ ਵਿੱਚ ਸਵਾਲ ਲਗਾਇਆ ਗਿਆ ਸੀ ਜਿਸ ਤੇ ਜਵਾਬ ਵਿੱਚ ਜਲ ਸ੍ਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੱਤੀ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਜਲ ਸਰੋਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਸੂਚਿਤ ਕੀਤਾ ਗਿਆ ਹੈ ਕਿ ਅਰਨੀਵਾਲਾ ਖੇਤਰ ਵਿੱਚ ਸੇਮ ਦੀ ਸਮੱਸਿਆ ਦੇ ਹੱਲ ਲਈ 27.74 ਕਰੋੜ ਰੁਪਏ ਦਾ ਪ੍ਰੋਜੈਕਟ ਤਜਵੀਜ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਇਲਾਕੇ ਦੀ 4716 ਹੈਕਟੇਅਰ ਵਾਹੀਯੋਗ ਜਮੀਨ ਨੂੰ ਲਾਭ ਹੋਵੇਗਾ ਅਤੇ ਸੇਮ ਦੂਰ ਹੋਣ ਨਾਲ ਕਿਸਾਨਾਂ ਦੀ ਆਮਦਨ ਵਧੇਗੀ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਪ੍ਰੋਜੈਕਟ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਲਾਕੇ ਦੀ ਵੱਡੀ ਮੰਗ ਸੀ ਅਤੇ ਲੋਕਾਂ ਦੇ ਹਿੱਤਾਂ ਅਨੁਸਾਰ ਕੰਮ ਕਰਨ ਵਾਲੀ ਪੰਜਾਬ ਸਰਕਾਰ ਨੇ ਇਹ ਮੰਗ ਪੂਰੀ ਕਰਕੇ ਇਲਾਕੇ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਕੀਤਾ ਹੈ।