ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਛੇਵੀਂ ਜਮਾਤ ਦੇ ਸਾਲ 2025-2026 ਲਈ ਚੋਣ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ

News Makhani (1)
S. Arjun Singh Grewal

ਆਨਲਾਈਨ ਲਿੰਕ https://navodaya.gov.in/nvs/en/Home1 ‘ਤੇ ਰਜਿਸ਼ਟ੍ਰੇਸ਼ਨ ਕਰਾਉਣ ਦੀ ਆਖ਼ਰੀ ਮਿਤੀ 16 ਸਤੰਬਰ 2024

ਚੋਣ ਪ੍ਰੀਖਿਆ 18 ਜਨਵਰੀ 2025 ਨੂੰ ਹੋਵੇਗੀ

ਐੱਸ.ਏ.ਐੱਸ. ਨਗਰ, 27 ਅਗਸਤ, 2024

ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰਕੌਲੀ ਵਿਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ.ਸ੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਅਗਲੇ ਵਿੱਦਿਅਕ ਸਾਲ 2025-2026 ਦੀ ਛੇਵੀਂ ਜਮਾਤ ਚ ਦਾਖਲਾ ਪ੍ਰੀਖਿਆ ਲਈ ਇਸ ਵਿੱਦਿਅਕ ਸਾਲ 2024-2025 ਵਿੱਚ ਪੰਜਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਮੋਹਾਲੀ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਲਗਾਤਾਰ ਪੜ੍ਹਿਆ ਹੋਵੇ। ਉਸ ਦਾ ਜਨਮ 01.05.2013 ਤੋਂ 31.07.2015 (ਦੋਹਾਂ ਤਰੀਕਾਂ ਸਮੇਤ) ਤੱਕ ਹੋਇਆ ਹੋਵੇ, 31 ਜੁਲਾਈ 2024 ਤੋਂ ਪਹਿਲਾਂ ਪੰਜਵੀਂ ਜਮਾਤ ਵਿਚ ਵਿਦਿਆਰਥੀ ਦਾਖ਼ਲ ਹੋਇਆ ਹੋਵੇ। ਓ.ਬੀ.ਸੀ. ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ਵਿਚ ਪੰਜਾਬ ਦੇ ਓ.ਬੀ.ਸੀ. ਵਰਗ ਵਿਚ ਆਉਂਦੇ ਹਨ ਜਾਂ ਨਹੀਂ। ਜੇਕਰ ਨਹੀਂ ਆਉਂਦੇ ਤਾਂ ਜਨਰਲ ਵਰਗ ਵਿਚ ਰਜਿਸ਼ਟ੍ਰੇਸ਼ਨ ਕਰਾਉਣ। ਉਨ੍ਹਾਂ ਕਿਹਾ ਕਿ ਆਨਲਾਈਨ ਲਿੰਕ https://navodaya.gov.in/nvs/en/Home1 ‘ਤੇ ਰਜਿਸ਼ਟ੍ਰੇਸ਼ਨ ਕਰਾਉਣ ਦੀ ਆਖ਼ਰੀ ਮਿਤੀ 16 ਸਤੰਬਰ 2024 ਹੈ।

ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਿਆ 18 ਜਨਵਰੀ 2025 ਨੂੰ ਮੋਹਾਲੀ ਜ਼ਿਲ੍ਹੇ ਦੇ ਚੋਣ ਸੈਂਟਰਾਂ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਪ੍ਰੌਸਪੈਕਟਸ ਵਿਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ।