ਜ਼ਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ

National Legal Services Authority
ਜ਼ਿਲ੍ਹਾ ਰੂਪਨਗਰ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਸਫਲਤਾਪੂਰਵਕ ਆਯੋਜਨ
12896 ਕੇਸਾਂ ‘ਚੋਂ 10661 ਕੇਸਾਂ ਦਾ ਕੀਤਾ ਨਿਪਟਾਰਾ ਤੇ ਲਗਭਗ 181385420/- ਰੁਪਏ ਦੇ ਐਵਾਰਡ ਕੀਤੇ ਪਾਸ
ਰੂਪਨਗਰ, 14 ਸਤੰਬਰ 2024
ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2024 ਦੀ ਤੀਜੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਰੂਪਨਗਰ ਅਤੇ ਇਸ ਦੀਆਂ ਸਬ-ਡਵੀਜ਼ਨਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀਆਂ ਵੱਖ-ਵੱਖ ਅਦਾਲਤਾਂ ਵਿਖੇ ਲਗਾਈ ਗਈ।
ਇਸ ਲੋਕ ਅਦਾਲਤ ਦੀ ਸ਼ੁਰੂਆਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਨੇ ਆਪਣੇ ਕਰ-ਕਮਲਾਂ ਨਾਲ ਕੀਤੀ। ਇਸ ਮੌਕੇ ’ਤੇ ਉਨ੍ਹਾਂ ਨੇ ਜੋਤੀ ਜਲਾ ਕੇ ਚੰਗਿਆਈ ਅਤੇ ਨਿਆਂ ਵੱਲ ਵਧਣ ਦੀ ਪ੍ਰੇਰਨਾ ਦਿੰਦੇ ਹੋਏ ਸਟਾਫ ਅਤੇ ਸਮੂਹ ਜਨਤਾ ਨੂੰ ਲੋਕ ਅਦਾਲਤ ਦੇ ਫਾਇਦਿਆਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਨਿਆਂ ਵੱਲ ਵਧਣ ਦੀ ਪ੍ਰੇਰਨਾ ਦਿੱਤੀ।
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਅਤੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਨੈਸ਼ਨਲ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਅਤੇ ਸਾਰੀਆਂ ਅਦਾਲਤਾਂ ਵਿੱਚ ਸ਼ਿਰਕਤ ਕਰਕੇ ਨੈਸ਼ਨਲ ਲੋਕ ਅਦਾਲਤ ਦਾ ਜਾਇਜਾ ਲਿਆ ਅਤੇ ਕੇਸਾਂ ਦੀ ਸੁਣਵਾਈ ਕੀਤੀ।
ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ 12896 ਕੇਸ ਜਿਵੇਂ ਦੀਵਾਨੀ, ਫੌਜਦਾਰੀ ਕੰਪਾਊਂਡੇਬਲ ਕੇਸ, ਐਨਆਈ ਐਕਟ ਕੇਸ, ਬੈਂਕ ਰਿਕਵਰੀ ਕੇਸ, ਜ਼ਮੀਨ ਪ੍ਰਾਪਤੀ ਦੇ ਕੇਸ, ਵਿਆਹ ਸੰਬੰਧੀ ਵਿਵਾਦ, ਮੋਟਰ ਦੁਰਘਟਨਾ ਅਤੇ ਬੀਮਾ ਦਾਅਵਿਆਂ ਦੇ ਕੇਸ, ਐਲ.ਏ.ਸੀ. ਕੇਸ, ਮਾਲ ਕੇਸ, ਪਾਣੀ ਦੇ ਬਿੱਲਾਂ ਅਤੇ ਟ੍ਰੈਫਿਕ ਚਲਾਨ ਵੀ ਲਏ ਗਏ। ਇਸ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਵੀ ਲਾਏ ਗਏ।
ਇਸ ਲੋਕ ਅਦਾਲਤ ਵਿੱਚ ਰੂਪਨਗਰ ਵਿਖੇ 05 ਬੈਂਚ ਲਗਾਏ ਗਏ ਜਿਨ੍ਹਾਂ ਦੀ ਪ੍ਰਧਾਨਗੀ ਵਧੀਕ ਸੈਸ਼ਨ ਜੱਜ ਸ਼੍ਰੀ ਸ਼ਾਮ ਲਾਲ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਡਾ. ਮੋਨਿਕਾ ਗੋਇਲ, ਜੇ.ਐਮ.ਆਈ.ਸੀ. ਡਾ. ਸੀਮਾ ਅਗਨੀਹੋਤਰੀ, ਜੇ.ਐਮ.ਆਈ.ਸੀ. ਸ੍ਰੀ ਜਗਮੀਤ ਸਿੰਘ ਅਤੇ ਚੇਅਰਮੈਨ ਪੀ.ਐਲ.ਏ. ਸ਼੍ਰੀ ਜੀਆ ਲਾਲ ਅਜਾਦ ਸ੍ਰੀ ਅਨੰਦਪੁਰ ਸਾਹਿਬ ਵਿਖੇ 01 ਬੈਂਚ ਦੀ ਪ੍ਰਧਾਨਗੀ ਜੇ.ਐਮ.ਆਈ.ਸੀ. ਸ. ਗੁਰਪ੍ਰੀਤ ਸਿੰਘ ਅਤੇ ਨੰਗਲ ਵਿਖੇ 01 ਬੈਂਚ ਦੀ ਪ੍ਰਧਾਨਗੀ ਐਸ.ਡੀ.ਜੇ.ਐਮ. ਸ਼੍ਰੀਮਤੀ ਨਿਧੀ ਸੈਣੀ ਦੁਆਰਾ ਕੀਤੀ ਗਈ। ਇਸ ਤੋਂ ਇਲਾਵਾ ਰੈਵੀਨਿਊ ਅਦਾਲਤਾਂ ਦੇ ਵੀ 11 ਬੈਂਚ ਲਗਾਏ ਗਏ। 12896 ਕੇਸਾਂ ਵਿੱਚੋਂ 10661 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 181385420/- ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਵੱਲੋਂ ਅੱਗੇ ਦੱਸਿਆ ਗਿਆ ਕਿ ਲੋਕ ਅਦਾਲਤ ਹਮੇਸ਼ਾ ਹੀ ਝਗੜਿਆਂ ਦੇ ਸੁਚੱਜੇ ਢੰਗ ਨਾਲ ਨਿਪਟਾਰੇ ਲਈ ਸਭ ਤੋਂ ਵਧੀਆ ਤਰੀਕਾ ਰਹੀ ਹੈ। ਜੇਕਰ ਮਾਮਲਾ ਲੋਕ ਅਦਾਲਤ ਵਿੱਚ ਨਿਪਟਾਇਆ ਜਾਂਦਾ ਹੈ ਅਤੇ ਲੋਕ ਅਦਾਲਤ ਦੇ ਬੈਂਚ ਦੁਆਰਾ ਪਾਸ ਕੀਤੇ ਗਏ ਅਵਾਰਡ ਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ ਅਤੇ ਧਿਰਾਂ ਦੁਆਰਾ ਅਦਾ ਕੀਤੀ ਸਾਰੀ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ।
ਇਸ ਲੋਕ ਅਦਾਲਤ ਵਿੱਚ ਡਾ. ਮੋਨਿਕਾ ਗੋਇਲ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਨੇ ਇੱਕ ਮੇਨਟੀਨੈਂਸ ਕੇਸ ਅਮਨਪ੍ਰੀਤ ਕੌਰ ਬਨਾਮ ਲਖਵੀਰ ਸਿੰਘ ਜਿਹੜਾ ਦੋ ਸਾਲਾਂ ਤੋਂ ਲੰਬਿਤ ਸੀ ਉਹ ਆਪਸੀ ਸਮਝੌਤੇ ਨਾਲ ਨਿਪਟਾਇਆ ਗਿਆ। ਦੋਨੋਂ ਧਿਰਾਂ ਆਪਣੀ ਬੱਚੀ ਦੇ ਨਾਲ ਅਦਾਲਤ ਵਿੱਚ ਆਏ ਤੇ ਦੋ ਸਾਲ ਪੁਰਾਣੀ ਲਿਟੀਗੇਸ਼ਨ ਖਤਮ ਕੀਤੀ ਗਈ। ਅੱਜ ਲੋਕ ਅਦਾਲਤ ਦੇ ਮੌਕੇ ਤੇ ਆਉਣ ਵਾਲੇ ਲਿਟੀਗੈਂਟਾਂ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਹੈਲਪ ਡੈਸਕ ਲਗਾਏ ਗਏ ਜਿਨ੍ਹਾਂ ਉੱਤੇ ਪੈਰਾ ਲੀਗਲ ਵਲੰਟੀਅਰਾਂ- ਭੁਪਿੰਦਰ ਸਿੰਘ, ਸੁਰੇਸ਼ ਚੰਦਰ, ਸਮਰ ਵਿਨਾਯਕ ਅਤੇ ਧਰੁਵ ਜੋਸ਼ੀ ਨੇ ਸੁਚਾਰੂ ਢੰਗ ਨਾਲ ਡਿਊਟੀ ਨਿਭਾਈ। ਇੱਥੇ ਨਾਲ ਹੀ ਲੋਕ ਅਦਾਲਤ ਵਿੱਚ ਆਏ ਲਿਟੀਗੈਂਟਾਂ ਦਾ ਧਿਆਨ ਰੱਖਦੇ ਹੋਏ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਹ ਪ੍ਰਬੰਧ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ, ਰੂਪਨਗਰ ਦੇ ਸਹਿਯੋਗ ਨਾਲ ਕੀਤਾ ਗਿਆ। ਸਕੱਤਰ ਵੱਲੋਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਰੂਪਨਗਰ ਵੱਲੋਂ ਭੋਜਨ ਅਤੇ ਚਾਹ ਦੇ ਲੰਗਰ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ।
ਇਸ ਲੋਕ ਅਦਾਲਤ ਵਿੱਚ ਆਪਸੀ ਸਹਿਮਤੀ ਨਾਲ ਨਿਪਟਾਏ ਗਏ ਝਗੜਿਆਂ ਦੀ ਖੂਬ ਸ਼ਲਾਘਾ ਕੀਤੀ। ਅਗਲੀ ਨੈਸ਼ਨਲ ਲੋਕ ਅਦਾਲਤ 14 ਦਸੰਬਰ 2024 ਨੂੰ ਲਗਾਈ ਜਾਵੇਗੀ।
Spread the love