ਰੂਪਨਗਰ, 15 ਫਰਵਰੀ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਮਨੁ ਵਿਜ ਦੀ ਅਗਵਾਈ ਵਿੱਚ ਜ਼ਿਲ੍ਹਾ ਰੂਪਨਗਰ ਅਧੀਨ ਆਉਂਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ 30 ਜਨਵਰੀ ਤੋਂ 14 ਫਰਵਰੀ 2024 ਤੱਕ ਸਪਰਸ਼ ਲੈਪਰੋਸੀ ਜਾਗਰੂਕਤਾ ਪੰਦਰਵਾੜਾ ਮਨਾਇਆ ਗਿਆ।
ਇਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪ ਨਗਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਆਈ ਈ ਸੀ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਗਰੁੱਪ ਮੀਟਿੰਗਾਂ, ਸੈਮੀਨਾਰ, ਕੈਂਪ ਲਗਾਏ ਗਏ।
ਉਨ੍ਹਾਂ ਦੱਸਿਆ ਕਿ ਇਸ ਦੇ ਸਬੰਧ ਵਿਚ ਆਮ ਲੋਕਾਂ ਨੂੰ ਪੋਸਟਾਂ ਬੈਨਰ ਵੰਡੇ ਗਏ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਲੈਕਚਰ ਦਿੱਤੇ ਗਏ ਅਤੇ ਹੈਂਡ ਬਿਲਸ ਆਦਿ ਵੰਡੇ ਗਏ। ਪੰਦਰਵਾੜੇ ਦੌਰਾਨ ਕੁਸ਼ਟ ਆਸ਼ਰਮ ਨੰਗਲ ਅਤੇ ਰੋਪੜ ਵਿਖੇ ਜਾਗਰੂਕਤਾ ਸੈਮੀਨਾਰ ਕੀਤੇ ਗਏ ਦਵਾਈਆਂ ਅਤੇ ਲੋੜੀਦਾ ਸਮਾਨ ਵੰਡਿਆ ਗਿਆ।
ਇਸ ਪੰਦਰਵਾੜੇ ਦੌਰਾਨ ਪਰਮਜੀਤ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਜਾਣਕਾਰੀ ਦਿੱਤੀ ਕੁਸ਼ਟ ਰੋਗ ਦੇ ਲੱਛਣ ਅਤੇ ਇਸ ਬਿਮਾਰੀ ਤੋਂ ਹੋਣ ਵਾਲੀ ਅੰਗਹੀਣਤਾ ਬਾਰੇ ਦੱਸਿਆ ਕਿ ਕਿਸੇ ਸੁੰਨ, ਤਾਂਬੇ ਰੰਗ ਦੇ ਨਿਸ਼ਾਨ ਦੇ ਮਿਲਣ ‘ਤੇ ਜਿੰਨੀ ਛੇਤੀ ਇਲਾਜ਼ ਸ਼ੁਰੂ ਹੋ ਜਾਵੇ ਤਾਂ ਸਰੀਰਿਕ ਅੰਗਾਂ ਦਾ ਵਿਗਾੜ ਨਹੀਂ ਹੁੰਦਾ। ਜੇਕਰ ਕਿਸੇ ਵਿਅਕਤੀ ਦੇ ਸਰੀਰ ‘ਤੇ ਹਲਕਾ ਗੁਲਾਬੀ ਰੰਗ ਦਾ ਸੁੰਨ ਚਟਾਕ ਹੋਵੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ।
ਐਮ.ਡੀ.ਟੀ. ਰਾਂਹੀ ਇਸ ਬਿਮਾਰੀ ਦਾ ਇਲਾਜ 100% ਹੋ ਜਾਂਦਾ ਹੈ ਅਤੇ ਇਸ ਤੋਂ ਹੋਣ ਵਾਲੀ ਅੰਗਹੀਣਤਾ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ। ਸਰਕਾਰੀ ਹਸਪਤਾਲ ਵਿੱਚ ਇਸ ਦਾ ਮੁਫਤ ਇਲਾਜ ਹੈ।