ਦੋ ਕਰਮਚਾਰੀਆਂ ਦੇ ਅੰਗਹੀਣਤਾ ਸਰਟੀਫਿਕੇਟ ਸ਼ੱਕੀ ਪਾਏ
ਬਰਨਾਲਾ, 15 ਜੂਨ 2021
ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਵੱਲੋਂ ਇਕ ਦਫਤਰੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਸਿਹਤ ਵਿਭਾਗ ਵਿੱਚ ਕੰਮ ਕਰਦੇ ਹਰੇਕ ਅੰਗਹੀਣ ਅਧਿਕਾਰੀ/ ਕਰਮਚਾਰੀ ਦੇ ਅੰਗਹੀਣਤਾ ਸਰਟੀਫਿਕੇਟ ਦੀ ਜਾਂਚ ਕੀਤੀ ਜਾਵੇਗੀ।
ਸਿਵਲ ਸਰਜਨ ਬਰਨਾਲਾ ਵੱਲੋਂ ਜਾਰੀ ਕੀਤੇ ਗਏ ਇਸ ਹੁਕਮ ਦੀ ਪਾਲਣਾ ਕਰਦਿਆਂ ਸਿਹਤ ਵਿਭਾਗ ਵੱਲੋਂ ਸਰਟੀਫਿਕੇਟਾਂ ਦੀ ਪੜਚੋਲ ਕੀਤੀ ਗਈ ਤਾਂ ਦੋ ਕਰਮਚਾਰੀਆਂ ਦੇ ਅੰਗਹੀਣਤਾ ਸਰਟੀਫੀਕੇਟ ਸ਼ੱਕੀ ਪਾਏ ਗਏ। ਜਿਸ ਵਿੱਚੋਂ ਇਕ ਕਲਰਕ ਪੀ.ਐਚ.ਸੀ. ਮਹਿਲ ਕਲਾਂ ਵੱਲੋਂ ਅੰਗਹੀਣ ਦਾ 45 ਫੀਸਦੀ ਸਰਟੀਫੀਕੇਟ ਲਗਾ ਕੇ ਸਵੀਪਰ-ਕਮ-ਚੌਂਕੀਦਾਰ ਤੋਂ ਅੰਗਹੀਣ ਕੋਟੇ ਅਧੀਨ ਬਤੌਰ ਕਲਰਕ ਦੀ ਪਦਉੱਨਤੀ ਲਈ ਗਈ ਸੀ।
ਸਰਟੀਫਿਕੇਟ ਸ਼ੱਕੀ ਪਾਏ ਜਾਣ ਤੋਂ ਬਾਅਦ ਦਫਤਰ ਸਿਵਲ ਸਰਜਨ ਵੱਲੋਂ ਇਕ ਮੈਡੀਕਲ ਬੋਰਡ ਗਠਿਤ ਕੀਤਾ ਗਿਆ, ਜਿਸ ਵਿੱਚ ਸਬੰਧਤ ਕਰਮੀ ਦੀ ਅੰਗਹੀਣਤਾ 5 ਫੀਸਦੀ ਦਰਸਾਈ ਗਈ, ਜਿਸ ਕਾਰਨ ਕਰਮਚਾਰੀ ਅੰਗਹੀਣ ਕੋਟੇ ਵਿੱਚ ਪਦ ਉੱਨਤੀ ਲੈਣ ਸਬੰਧੀ ਸਰਕਾਰ ਦੀਆਂ ਨਿਰਧਾਰਤ ਕੀਤੀਆਂ ਹਦਾਇਤਾਂ ਅਨੁਸਾਰ ਸ਼ਰਤਾਂ ਪੂਰੀਆਂ ਨਹੀਂ ਕਰਦਾ । ਇਸ ਤੋਂ ਬਾਅਦ ਦਫਤਰ ਸਿਵਲ ਸਰਜਨ ਵੱਲੋਂ ਕਲਰਕ ਵਿਰੁੱਧ ਕਾਰਵਾਈ ਕਰਨ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੂੰ ਲਿਖ ਦਿੱਤਾ ਗਿਆ। ਦੂਸਰੇ ਸ਼ੱਕੀ ਪਾਏ ਗਏ ਸਰਟੀਫਿਕੇਟ ਵਾਲੇ ਕਰਮਚਾਰੀ ਦਾ ਸਰਟੀਫਿਕੇਟ ਵੈਰੀਫਾਈ ਕਰਨ ਲਈ ਮੈਡੀਕਲ ਕਾਲਜ ਪਟਿਆਲਾ ਨੂੰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਕਿਹਾ ਕਿ ਜੇਕਰ ਅੰਗਹੀਣਤਾ ਫੀਸਦ ਵਿੱਚ ਫਰਕ ਹੋਇਆ ਤਾਂ ਵਿਭਾਗੀ ਕਾਰਵਾਈ ਲਈ ਲਿਖਿਆ ਜਾਵੇਗਾ।