ਲੁਧਿਆਣਾ, 03 ਸਤੰਬਰ 2021 ਸਤਿਕਾਰਯੋਗ ਜਸਟਿਸ ਰਾਜਨ ਗੁਪਤਾ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਅਗੁਵਾਈ ਅਤੇ ਸ੍ਰੀ ਪੀ.ਐਸ. ਕਾਲੇਕਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਅੱਜ 3 ਸਤੰਬਰ, 2021 ਨੂੰ ਇੱਕ ਸਪੈਸ਼ਲ ਟੀਕਾਰਕਨ ਕੈਂਪ ਦਾ ਆਯੋਜਨ ਕਰਵਾਇਆ ਗਿਆ।
ਇਸ ਕੈਂਪ ਵਿੱਚ ਜਿਲ੍ਹਾ ਕਚਹਿਰੀਆਂ, ਲੁਧਿਆਣਾ ਵਿੱਚ ਤਾਇਨਾਤ ਵੱਖ-ਵੱਖ ਕਰਮਚਾਰੀਆਂ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਮੁਫਤ ਕਾਨੂੰਨੀ ਸਹਾਇਤਾ ਸਕੀਮ ਦੇ ਪੈਨਲ ਤੇ ਕੰਮ ਕਰ ਰਹੇ ਐਡਵੋਕੇਟਸ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਗਈ। ਇਸ ਕੈਂਪ ਵਿੱਚ ਸਿਵਲ ਸਰਜਨ, ਲੁਧਿਆਣਾ ਵੱਲੋਂ ਭੇਜੀ ਗਈ ਟੀਮ ਜਿਸ ਵਿੱਚ ਡਾ. ਅੰਸ਼ੁ਼ਲ ਸਿੰਗਲਾ, ਮੈਡੀਕਲ ਅਫਸਰ, ਸ੍ਰੀ ਕਰਨਦੀਪ ਸਿੰਘ, ਰੇਡੀਓਗ੍ਰਾਫਰ, ਮੈਡਮ ਸਤਿੰਦਰ ਕੌਰ, ਸਟਾਫ ਨਰਸ, ਸ੍ਰੀ ਸੁਸ਼ੀਲ ਕੁਮਾਰ ਵੈਕਸੀਨੇਟਰ ਅਤੇ ਸ੍ਰੀ ਜਸਵੰਤ ਸਿੰਘ, ਹੈਲਪਰ ਸ਼ਾਮਲ ਸਨ, ਵੱਲੋਂ ਕਰਮਚਾਰੀਆਂ ਅਤੇ ਪੈਨਲ ਐਡਵੋਕੇਟਸ ਦਾ ਟੀਕਾਕਰਣ ਕੀਤਾ ਗਿਆ।
ਇਸ ਮੌਕੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਟੀਕਾਕਰਨ ਪੂਰਨ ਤੌਰ ‘ਤੇ ਸੁਰੱਖਿਅਤ ਹੈ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਬਹੁਤ ਉਪਯੋਗੀ ਹੈ। ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਇਸ ਤੋਂ ਬਚਾਅ ਲਈ ਸਾਨੂੰ ਸਾਰਿਆਂ ਨੂੰ ਜਲਦ ਆਪੋ-ਆਪਣੀ ਵੈਕਸੀਨੇਸ਼ਨ ਕਰਵਾ ਲੈਣੀ ਚਾਹੀਦੀ ਹੈ।