ਜਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਸਾਝਾਂ ਉਪਰਾਲਾ ਕਰਦੇ ਹੋਏ ਆਕਸੀਜਨ ਕੰਸਨਟ੍ਰੇਟਰ ਬੈਂਕ ਦੀ ਕੀਤੀ ਸਥਾਪਨਾ

ਕਿਰਾਏ ਤੇ ਆਕਸੀਜਨ ਕੰਸਨਟ੍ਰੇਟਰ ਲਈ 0172-2219526, 94174-95806 ਤੇ ਕੀਤਾ ਜਾ ਸਕਦਾ ਸੰਪਰਕ
ਡਾਕਟਰ ਦੁਆਰਾ ਜਾਰੀ ਕੀਤੀ ਗਈ ਪ੍ਰੀਸਕੀਪਸ਼ਨ ਸਲਿੱਪ ਸਵੈ ਘੋਸ਼ਣਾ ਅਤੇ ਅੰਡਰਟੇਕਿੰਗ ਦੇਣ ਪ੍ਰਾਪਤ ਕੀਤਾ ਜਾ ਸਕਦਾ ਹੈ ਆਕਸੀਜਨ ਕੰਸਨਟ੍ਰੇਟਰ
ਐਸ ਏ ਐਸ ਨਗਰ, 25 ਮਈ 2021
ਕੋਵਿਡ-19 ਦੀ ਬੀਮਾਰੀ ਦੇ ਕੇਸਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਮੈਡੀਕਲ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਅਕਾਸੀਜਨ ਮੁਹੱਈਆ ਕਰਵਾਉਣ ਲਈ ਅਤੇ ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਸਾਝਾਂ ਉਪਰਾਲਾ ਕਰਦੇ ਹੋਏ ਆਕਸੀਜਨ ਕੰਸਨਟ੍ਰੇਟਰ ਬੈਂਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ ਦੀ ਬਿਲਡਿੰਗ ਦੇ ਕਮਰਾ ਨੰਬਰ 308 ਦੂਜੀ ਮੰਜ਼ਿਲ ਵਿਖੇ ਸਥਾਪਨਾ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਬੈਂਕ ਦੇ ਨੋਡਲ ਅਫ਼ਸਰ ਸ੍ਰੀ ਦੀਪਾਂਕਰ ਗਰਗ, ਪੀ.ਸੀ.ਐਸ (ਸਿਖਲਾਈ ਅਧੀਨ) ਹੋਣਗੇ ਅਤੇ ਸਕੱਤਰ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੋਡਲ ਅਫਸਰ ਨੂੰ ਬਣਦਾ ਸਹਿਯੋਗ ਦੇਣ।
ਉਨ੍ਹਾਂ ਕਿਹਾ ਇਹ ਨੋਡਲ ਅਫਸਰ ਸੀ.ਐਸ.ਆਰ ਤਹਿਤ ਜਿਹੜੇ ਵੀ ਆਕਸੀਜਨ ਕੰਸਨਟ੍ਰੇਟਰ ਇਸ ਜ਼ਿਲ੍ਹੇ ਵਿੱਚ ਪ੍ਰਾਪਤ ਹੋਏ ਹਨ, ਉਨ੍ਹਾਂ ਦਾ ਸਾਰਾ ਰਿਕਾਰਡ ਰੱਖਣਗੇ । ਉਨ੍ਹਾਂ ਕਿਹਾ ਕੋਵਿਡ ਤੋਂ ਪ੍ਰਭਾਵਿਤ ਵਿਅਕਤੀ ਜੋ ਕਿ ਇਲਾਜ ਉਪਰੰਤ ਘਰ ਵਿੱਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਦੇ ਵਰਤੋਂ ਲਈ ਕਿਰਾਏ ਤੇ ਆਕਸੀਜਨ ਕੰਸਨਟ੍ਰੇਟਰ ਨੂੰ ਪ੍ਰਾਪਤ ਕਰਨ ਲਈ 0172-2219526 ਅਤੇ ਸ੍ਰੀ ਮੋਹਨ ਲਾਲ ਸਿੰਗਲਾ, ਸੀਨੀਅਰ ਸਹਾਇਕ, ਜਿਲ੍ਹਾਂ ਰੈਡ ਕਰਾਸ ਸੁਸਾਇਟੀ ਦੇ ਮੋਬਾਈਲ ਨੰਬਰ 94174-95806 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਆਕਸੀਜਨ ਕੰਸਨਟ੍ਰੇਟਰ ਵਾਪਸ ਮੋੜੇ ਜਾਣ ਦੇ ਅਧਾਰ ਤੇ 15 ਦਿਨਾਂ ਲਈ ਦਿੱਤਾ ਜਾਵੇਗਾ। ਇਸ ਮਸ਼ੀਨ ਨੂੰ ਪ੍ਰਾਪਤ ਕਰਨ ਲਈ 5,000/- ਰੁਪਏ ਦੀ ਮੋੜਨਯੋਗ ਸਕਿਊਰਟੀ ਜ਼ਿਲ੍ਹਾ ਰੈਡ ਕਰਾਸ ਪਾਸ ਕੈਸ਼/ਆਨਲਾਈਨ/ ਬੈਂਕ ਟਰਾਂਸਫਰ ਜਮ੍ਹਾਂ ਕਰਵਾਉਣੀ ਹੋਵੇਗੀ। ਮਰੀਜ਼ ਦੇ ਵਾਰਸ ਵੱਲੋਂ ਇਲਾਜ ਉਪਰੰਤ ਡਾਕਟਰ ਦੁਆਰਾ ਜਾਰੀ ਕੀਤੀ ਗਈ ਪ੍ਰੀਸਕੀਪਸ਼ਨ ਸਲਿੱਪ ਜਿਸ ਵਿੱਚ ਕੰਸਨਟ੍ਰੇਟਰ ਦੀ ਲੋੜ ਸਬੰਧੀ ਲਿਖਿਆ ਗਿਆ ਹੋਵੇ ਦੀ ਕਾਪੀ ਸਮੇਤ ਸਵੈ ਘੋਸ਼ਣਾ (ਪਲੇਨ ਪੇਪਰ ਤੇ) ਦੇਣਾ ਹੋਵੇਗਾ। ਸਕੱਤਰ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਆਪਣੇ ਦੋ ਕਰਮਚਾਰੀਆਂ ਦੀ ਡਿਊਟੀ ਲਗਾਉਣਗੇ ਅਤੇ ਇਹ ਕਰਮਚਾਰੀ ਇਸ ਮਸ਼ੀਨ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਚਲਾਉਣ ਦੀ ਟਰੇਨਿੰਗ ਦੇਣਗੇ ਅਤੇ ਟਰੇਨਿੰਗ ਦੇਣ ਉਪਰੰਤ ਮਸ਼ੀਨ ਪ੍ਰਾਪਤ ਕਰਨ ਵਾਲੇ ਤੋਂ ਅੰਡਰਟੇਕਿੰਗ ਪ੍ਰਾਪਤ ਕਰਨਗੇ ਕਿ ਉਸ ਨੇ ਇਸ ਮਸ਼ੀਨ ਨੂੰ ਚਲਾਉਣ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਲਈ ਹੈ।

Spread the love