ਜਿਲ੍ਹਾ ਪੱਧਰੀ ਅਧਿਆਪਕ ਪਰਵ ਆਯੋਜਿਤ-26 ਤੋਂ 28 ਅਗਸਤ ਤੱਕ ਚੱਲਣਗੇ ਜਿਲ੍ਹਾ ਪੱਧਰ ‘ਤੇ ਮੁਕਾਬਲੇ

ਗੁਰਦਾਸਪੁਰ , 26 ਅਗਸਤ 2021 ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਰਕਾਰੀ ਸਕੂਲ ਅਧਿਆਪਕਾਂ ਦੀਆਂ ਖੋਜੀ ਬਿਰਤੀਆਂ ਤੇ ਵਿੱਦਿਅਕ ਸਰਗਰਮੀਆਂ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਜਿਲ੍ਹਾ ਪੱਧਰੀ ਅਧਿਆਪਕ ਪਰਵ ਅੱਜ 26 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਪਾਲ ਸਿੰਘ ਸੰਧਾਵਾਲੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਇਆ ਇਹ ਜ਼ਿਲ੍ਹਾ ਪੱਧਰੀ ਅਧਿਆਪਕ ਪਰਵ 28 ਅਗਸਤ ਤੱਕ ਚੱਲੇਗਾ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਪਾਲ ਸਿੰਘ ਸੰਧਾਵਾਲੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲਖਵਿੰਦਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਐਸ.ਸੀ.ਈ.ਆਰ.ਟੀ. ਪੰਜਾਬ ਦੀ ਦੇਖ-ਰੇਖ ‘ਚ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ‘ਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਬਲਾਕ ਪੱਧਰ ‘ਤੇ ਕਰਵਾਏ ਗਏ ਮੁਕਬਾਲਿਆਂ ਦੇ ਜੇਤੂ ਅਧਿਆਪਕਾਂ ਨੇ ਵਿਸ਼ਾਵਾਰ ਭਾਗ ਲਿਆ ਹੈ ਅਤੇ ਹਰੇਕ ਵਿਸ਼ੇ ਦੇ ਮੁਕਾਬਲੇ ‘ਚੋਂ ਜੇਤੂ 1-1 ਅਧਿਆਪਕ ਰਾਜ ਪੱਧਰੀ ਟੀਚਰ ਫੈਸਟ ‘ਚ ਭਾਗ ਲੈਣ ਦਾ ਹੱਕਦਾਰ ਬਣੇਗਾ। ਰਾਜ ਪੱਧਰੀ ਟੀਚਰਜ਼ ਫੈਸਟ 1 ਤੋਂ 3 ਅਗਸਤ ਤੱਕ ਅੰਮ੍ਰਿਤਸਰ ਵਿਖੇ ਹੋਵੇਗਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਵਿਸ਼ੇ ਦੇ ਮੁਕਾਬਲੇ ‘ਚ ਰਾਜ ਪੱਧਰ ‘ਤੇ ਜੇਤੂ ਅਧਿਆਪਕ ਨੂੰ 5100 ਰੁਪਏ, ਜਿਲ੍ਹਾ ਪੱਧਰ ਦੇ ਜੇਤੂ ਨੂੰ 2100 ਤੇ ਬਲਾਕ ਪੱਧਰ ‘ਤੇ ਜੇਤੂ ਅਧਿਆਪਕ ਨੂੰ 501 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਸਾਰੇ ਵਰਗਾਂ ਦੇ ਜੇਤੂਆਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੱਕ ਮੁਕਾਬਲੇ ਆਨ ਲਾਈਨ ਕਰਵਾਏ ਗਏ ਸਨ ਤੇ ਹੁਣ ਸਕੂਲ ਪੂਰੀ ਤਰ੍ਹਾਂ ਖੁੱਲ੍ਹ ਚੁੱਕੇ ਹਨ, ਜਿਸ ਕਾਰਨ ਜਿਲ੍ਹਾ ਤੇ ਰਾਜ ਪੱਧਰ ਦੇ ਮੁਕਾਬਲੇ ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਆਫਲਾਈਨ ਕਰਵਾਏ ਜਾ ਰਹੇ ਹਨ। ਰਾਜ ਪੱਧਰੀ ਅਧਿਆਪਕ ਪਰਵ ਲਈ ਜਿਲ੍ਹੇ ਦੇ ਜੇਤੂ ਅਧਿਆਪਕਾਂ ਦੀ ਆਨਲਾਈਨ ਰਜਿਸਟ੍ਰੇਸ਼ਨ 30 ਅਗਸਤ ਤੱਕ ਕਰਵਾਈ ਜਾਵੇਗੀ।
ਡੀ.ਈ.ਓ. (ਸੈ.ਸਿੱ.) ਨੇ ਦੱਸਿਆ ਕਿ ਅੱਜ ਗਣਿਤ , ਸਾਇੰਸ , ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਨਾਲ ਸੰਬੰਧਤ ਮੁਕਾਬਲੇ ਕਰਵਾਏ ਹਨ ਅਤੇ 27 ਅਗਸਤ ਨੂੰ ਪੰਜਾਬੀ ਅਤੇ ਹਿੰਦੀ ਵਿਸ਼ੇ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦਾ ਮਕਸਦ ਅਧਿਆਪਕਾਂ ਦੀਆਂ ਖੋਜੀ ਬਿਰਤੀਆਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਹੋਰਨਾਂ ਅਧਿਆਪਕਾਂ ਨੂੰ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਹੈ। ਦੱਸਣਯੋਗ ਹੈ ਕਿ ਬਲਾਕ ਪੱਧਰ ‘ਤੇ ਹੋਏ ਮੁਕਾਬਲਿਆਂ ‘ਚ ਜਿਲ੍ਹੇ ਦੇ ਹਰੇਕ ਬਲਾਕ ‘ਚੋਂ ਸੈਂਕੜੇ ਅਧਿਆਪਕਾਂ ਨੇ ਵੱਖ-ਵੱਖ ਵਿਸ਼ਿਆ ਦੇ ਮੁਕਾਬਲਿਆਂ ‘ਚ ਸ਼ਮੂਲੀਅਤ ਕੀਤੀ ਸੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਦੇ ਸਰਕਾਰੀ ਸਕੂਲ ਅਧਿਆਪਕ ਆਪਣੀ ਜਿੰਮੇਵਾਰੀ ਪ੍ਰਤੀ ਕਿੰਨੀ ਮਿਹਨਤ ਤੇ ਸੁਹਿਰਦਤਾ ਨਾਲ ਨਿਭਾ ਰਹੇ ਹਨ।
ਇਸ ਦੌਰਾਨ ਪ੍ਰਿੰਸੀਪਲ ਪਰਮਜੀਤ ਕੌਰ , ਨਵਦੀਪ ਸ਼ਰਮਾ ,ਮਨਜਿੰਦਰ ਕੌਰ ,ਰਜਿੰਦਰ ਸ਼ਰਮਾ, ਸੁਖਦੀਪ ਸਿੰਘ , ਜਸਪਾਲ ਸਿੰਘ , ਪ੍ਰਿੰਸੀਪਲ ਪੁਨੀਤਾ ਸ਼ਰਮਾ ਅਮ੍ਰਿਤਪਾਲ ਕੌਰ , ਕਮਲਜੀਤ ਵੱਲੋਂ ਬਤੌਰ ਜੱਜਮੈਂਟ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਡੀ.ਐਮ. ਗੁਰਨਾਮ ਸਿੰਘ , ਨਰਿੰਦਰ ਸਿੰਘ , ਗੁਰਵਿੰਦਰ ਸਿੰਘ , ਬੀ.ਐਮ. ਚਰਨਪ੍ਰੀਤ ਸਿੰਘ , ਨਵਨੀਤ ਕੌਰ ਆਦਿ ਹਾਜ਼ਰ ਸਨ।

Spread the love