ਰੂਪਨਗਰ 8 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੌਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਅਤੇ ਇਸਦੇ ਕਾਬਿਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਅਗਵਾਈ ਹੇਠ ਜਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਵਿਦੇਸ਼ ਵਿੱਚ ਪੜ੍ਹਾਈ ਅਤੇ ਨੌਕਰੀਆਂ ਸਬੰਧੀ ਆਨਲਾਈਨ ਕਾਊਸਲਿੰਗ ਕਰਵਾਈ ਗਈ। ਵਧੀਕ ਡਿਪਟੀ ਕਮਿਸ਼ਨਰ ਦਿਨੇਸ਼ ਵਿਸ਼ਿਸਟ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ ਜਾਣ ਲਈ ਪ੍ਰਾਰਥੀਆਂ ਨਾਲ ਹੋ ਰਹੀ ਧੋਖਾਧੜੀ ਤੋਂ ਬਚਾਉਣ ਲਈ ਇਹ ਉਪਰਾਲਾ ਉਲਕਿਆ ਗਿਆ ਹੈ।
ਵਿਭਾਗ ਵੱਲੋਂ ਵਿਦੇਸ਼ੀ ਪੜ੍ਹਾਈ ਅਤੇ ਪਲੇਸਮੈਂਟ ਸੈੱਲ ਦੀ ਸ਼ੁਰੂਅਤ ਕੀਤੀ ਜਾ ਚੁੱਕੀ ਹੈ। ਜਿਸ ਵਿੱਚ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਚਾਹਵਾਨ ਨੌਜਵਾਨਾਂ ਦੀ ਮੁਫ਼ਤ ਕਾਊਸਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸਦੇ ਦੂਜੇ ਬੈਚ ਦੀ ਕਾਉਂਸਲਿੰਗ ਮਿਤੀ 08 ਜੁਲਾਈ 2021 ਨੂੰ ਸਫਲਤਾ ਪੂਰਵਕ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਤਹਿਤ ਰੋਜ਼ਗਾਰ ਵਿਭਾਗ ਵੱਲੋਂ ਵਿਦੇਸ੍ਰੀ ਪੜ੍ਹਾਈ ਅਤੇ ਪਲੇਸਮੈਂਟ ਸੈੱਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਤਜਰਬੇਕਾਰ ਅਫ਼ਸਰਾਂ ਵੱਲੋਂ ਨੌਜਵਾਨਾਂ ਦੀ ਮੁਫਤ ਕਾਊਸਲਿੰਗ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਤਹਿਤ ਜਿਲ੍ਹਾ ਰੋਪੜ ਦੇ ਦੂਜੇ ਬੈਚ ਦੇ ਪ੍ਰਾਰਥੀਆਂ ਦੀ ਕਾਊਂਸਲਿੰਗ ਲਈ ਇੱਕ ਆਨ ਲਾਈਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ 20 ਨੌਜਵਾਨਾਂ ਦੀ ਵਿਦੇਸ਼ੀ ਪੜ੍ਹਾਈ ਅਤੇ ਨੌਕਰੀ ਲਈ ਮੁਫ਼ਤ ਕਾਊਸਲਿੰਗ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪ੍ਰਾਰਥੀਆਂ ਨੂੰ ਵਿਦੇਸ਼ੀ ਪੜ੍ਹਾਈ ਅਤੇ ਰੋਜ਼ਗਾਰ ਸਬੰਧੀ ਸਪੱਸ਼ਟ ਅਤੇ ਪਾਰਦਰਸ਼ੀ ਜਾਣਕਾਰੀ ਮੁਹੱਈਆ ਕਰਵਾਈ ਗਈ। ਪ੍ਰਾਰਥੀਆਂ ਨੂੰ ਵਿਦੇਸ਼ ਦੀਆਂ ਯੂਨੀਵਰਸਿਟੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪ੍ਰਾਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਪੂਰਵਕ ਜਵਾਬ ਦਿੱਤੇ ਗਏ। ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਕਾਫ਼ੀ ਵਾਧਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਸੁਪ੍ਰੀਤ ਕੌਰ, ਕੈਰੀਅਰ ਕਾਊਂਸਲਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜਿਹੜੇ ਪ੍ਰਾਰਥੀ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾ ਰੋਜ਼ਗਾਰ ਕਰਨਾ ਚਾਹੁੰਦੇ ਹਨ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੋਪੜ ਵਿਖੇ ਆ ਕੇ ਨੋਡਲ ਅਫ਼ਸਰ ਨੂੰ ਮਿਲ ਸਕਦੇ ਹਨ।