ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੁਸਤਕਾਂ ਵੀ ਸੌਂਪੀਆਂ
ਬਰਨਾਲਾ, 24 ਅਗਸਤ 2021
ਕੁਲਵਿੰਦਰ ਸਿੰਘ ਸਰਾਏ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ, ਸਰਕਾਰੀ ਪ੍ਰਾਇਮਰੀ ਸਕੂਲ ਢਾਬਨਾਗ ਟੱਲੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕੇ ਦਾ ਦੌਰਾ ਕਰਕੇ ਨੈਸ਼ਨਲ ਅਚੀਵਮੈਂਟ ਸਰਵੇਖਣ ਸੰਬੰਧੀ ਤਿਆਰੀਆਂ ਦਾ ਜਾਇਜਾ ਲਿਆ ਗਿਆ।ਉਹਨਾਂ ਸਕੂਲ ਮੁਖੀਆਂ,ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਵਾਰ ਸੂਬੇ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਦੌਰਾਨ ਦੇਸ਼ ਭਰ ‘ਚੋਂ ਹਰ ਹਾਲ ਵਿੱਚ ਅੱਵਲ ਬਣਾਉਣਾ ਹੈ।ਅਧਿਕਾਰੀ ਨੇ ਪਾਠਕ੍ਰਮ ਦੀ ਵੱਧ ਤੋਂ ਵੱਧ ਦੁਹਰਾਈ ਕਰਨ ਦੇ ਨਾਲ ਨਾਲ ਪਿਛਲੇ ਸਰਵੇਖਣ ਦੇ ਪ੍ਰਸ਼ਨ ਪੱਤਰ ਅਤੇ ਵਿਭਾਗ ਵੱਲੋਂ ਭੇਜੇ ਜਾ ਰਹੇ ਦੁਹਰਾਈ ਅਭਿਆਸ ਲਾਜਮੀ ਤੌਰ ‘ਤੇ ਹੱਲ ਕਰਨ ਦੀ ਜਰੂਰਤ ‘ਤੇ ਜੋਰ ਦਿੰਦਿਆਂ ਰੱਟੇ ਦੀ ਬਜਾਏ ਸੰਕਲਪ ਸਮਝ ਕੇ ਪੜ੍ਹਨ ਲਈ ਕਿਹਾ।ਉਹਨਾਂ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਦੌਰਾਨ ਪੁਸਤਕ ਦੇ ਅਭਿਆਸ ਪ੍ਰਸ਼ਨਾਂ ਵਿੱਚੋਂ ਪ੍ਰਸ਼ਨ ਪੁੱਛਣ ਦੀ ਬਜਾਏ ਵਿਦਿਆਰਥੀਆਂ ਦੀ ਵਿਸ਼ੇ ਬਾਰੇ ਸਮਝ ਦਾ ਮੁਲਾਂਕਣ ਕੀਤਾ ਜਾਂਦਾ ਹੈ।ਉਹਨਾਂ ਸਰਵੇਖਣ ਟੈਸਟ ਦੀ ਤਿਆਰੀ ਲਈ ਵਿਭਾਗ ਦੀ ਐਜੂਕੇਅਰ ਐਪ ਦੇ ਇਸਤੇਮਾਲ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਵੇਖਣ ਟੈਸਟ ਦੇ ਪੁਰਾਣੇ ਪ੍ਰਸ਼ਨ ਪੱਤਰ ਅਤੇ ਹਰ ਵਿਸ਼ੇ ਦੀ ਵਿਸਥਾਰਤ ਸਮੱਗਰੀ ਐਪ ‘ਤੇ ਉਪਲਬਧ ਹੈ।
ਸਿੱਖਿਆ ਅਧਿਕਾਰੀ ਨੇ ਇਸ ਦੌਰਾਨ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੁਸਤਕਾਂ ਵੀ ਵੰਡੀਆਂ।ਉਹਨਾਂ ਪੁਸਤਕਾਂ ਪੜ੍ਹਨ ਬਾਬਤ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਪੁਸਤਕਾਂ ਪੜ੍ਹਨ ਦੇ ਆਦੀ ਅਧਿਆਪਕਾਂ ਦੇ ਵਿਦਿਆਰਥੀ ਵੀ ਪੁਸਤਕ ਸਭਿਆਚਾਰ ਨਾਲ ਜੁੜ ਜਾਂਦੇ ਹਨ।ਸਿੱਖਿਆ ਅਧਿਕਾਰੀ ਨੇ ਵਿਦਿਆਰਥੀਆਂ ਨੂੰ ਵੀ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ।
ਕੈਪਸ਼ਨ: ਜਿਲ੍ਹਾ ਸਿੱਖਿਆ ਅਫਸਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੁਸਤਕਾਂ ਸੌਂਪਦੇ ਹੋਏ।