ਬਰਨਾਲਾ, 24 ਅਪ੍ਰੈਲ ( )
ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਮਾਪਿਆਂ ਦੀ ਮਾਨਸਿਕਤਾ ‘ਤੇ ਪਿਆ ਪ੍ਰਭਾਵ ਪ੍ਰਤੱਖ ਰੂਪ ਵਿੱਚ ਨਜ਼ਰ ਆਉਣ ਲੱਗਿਆ ਹੈ।ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਸਰਕਾਰੀ ਸਕੂਲਾਂ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਨੂੰ ਮਾਪਿਆਂ ਦੇ ਮਿਲ ਰਹੇ ਹੁੰਗਾਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਖੁਸ਼ ਨਜ਼ਰ ਆ ਰਹੇ ਹਨ।
ਜਿਲ੍ਹੇ ਦੇ ਸਰਕਾਰੀ ਸਕੂਲਾਂ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਅਤੇ ਮਾਪਿਆਂ ਦੇ ਮਿਲ ਰਹੇ ਹੁੰਗਾਰੇ ਬਾਰੇ ਦੱਸਦਿਆਂ ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ, ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕਿਹਾ ਕਿ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦਾਖਲਾ ਮੁਹਿੰਮ ਜਰੀਏ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਮਾਪਿਆਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੇ ਹਨ।ਜਿਲ੍ਹਾ ਸਿੱਖਿਆ ਦਫਤਰ ਅਤੇ ਸਕੂਲਾਂ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਪ੍ਰਤੀ ਮਾਪੇ ਵੱਡੀ ਪੱਧਰ ‘ਤੇ ਆਕਰਸ਼ਿਤ ਹੋ ਰਹੇ ਹਨ।ਤਕਰੀਬਨ ਸਾਰੇ ਹੀ ਸਰਕਾਰੀ ਸਕੂਲਾਂ ਵਿੱਚ ਹੋਰਨਾਂ ਗੈਰ ਸਰਕਾਰੀ ਸਕੂਲਾਂ ਤੋਂ ਹਟਕੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਣ ਵਾਲੇ ਸੰਭਾਵੀ ਇਜ਼ਾਫੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ।ਕਿਸੇ ਵੀ ਸਕੂਲ ਨੂੰ ਵਿਦਿਆਰਥੀਆਂ ਦੀ ਵਧੀ ਗਿਣਤੀ ਅਨੁਸਾਰ ਪੁਸਤਕਾਂ,ਬੈਠਣ ਲਈ ਬੈਂਚਾਂ ਅਤੇ ਕਮਰਿਆਂ ਸਮੇਤ ਕਿਸੇ ਵੀ ਸੁਵਿਧਾ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਜਿਲ੍ਹੇ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਵੀ ਕੋਈ ਨਹੀਂ ਰਹਿਣ ਦਿੱਤੀ ਜਾਵੇਗੀ।ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਨਵੇਂ ਅਧਿਆਪਕਾਂ ਨੂੰ ਹਾਜ਼ਰ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਤਰੱਕੀਆਂ ਦੇ ਅਮਲ ਜਰੀਏ ਵੀ ਵੱਖ ਵੱਖ ਵਰਗਾਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕੀਤੀਆਂ ਜਾ ਰਹੀਆਂ ਹਨ।ਸਕੂਲਾਂ ਵਿੱਚ ਬਣਾਏ ਇੰਗਲਿਸ਼ ਬੂਸਟਰ ਕਲੱਬਾਂ ਬਾਰੇ ਦੱਸਦਿਆਂ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਦੀ ਵੀ ਮੁਹਾਰਤ ਪ੍ਰਦਾਨ ਕੀਤੀ ਜਾ ਰਹੀ ਹੈ।
ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵੱਲੋਂ ਵਿਦਿਆਰਥੀਆਂ ਲਈ ਸਕੂਲ ਬੰਦ ਹੋਣ ਦੇ ਸਮੇਂ ਦੌਰਾਨ ਆਨਲਾਈਨ ਪੜ੍ਹਾਈ ਨੂੰ ਪ੍ਰਭਾਵੀ ਰੂਪ ਵਿੱਚ ਚਲਾਉਣ ਲਈ ਵੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।ਮੋਬਾਈਲ ਅਤੇ ਇੰਟਰਨੈੱਟ ਦੀ ਸਹੂਲਤ ਤੋਂ ਵਾਂਝੇ ਵਿਦਿਆਰਥੀਆਂ ਦੀ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਪਿਛਲੇ ਵਰ੍ਹੇ ਦੀ ਤਰ੍ਹਾਂ ਜਲਦੀ ਹੀ ਦੂਰਦਰਸ਼ਨ ਤੋਂ ਆਨਲਾਈਨ ਜਮਾਤਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।ਸਿੱਖਿਆ ਅਧਿਕਾਰੀਆਂ ਨੇ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਵਾਲੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਬਿਹਤਰ ਪੜ੍ਹਾਈ ਦਾ ਵਿਸਵਾਸ਼ ਦਿਵਾਉਂਦਿਆਂ ਹੋਰਨਾਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਸੰਬੰਧੀ ਬਿਨਾਂ ਝਿਜਕ ਉਹਨਾਂ ਨਾਲ ਵੀ ਜਦੋਂ ਮਰਜੀ ਸੰਪਰਕ ਕਰ ਸਕਦੇ ਹਨ।
Attachments area