ਜਿਲ੍ਹੇ ਰੂਪਨਗਰ ਦੇ ਸਰਕਾਰੀ ਸਕੂਲਾਂ ‘ਚ ਤਿਆਰੀਆਂ ਮੁਕੰਮਲ- ਡੀ.ਈ.ਓ. (ਸੈ.ਸਿੱ.)ਖੋਸਲਾ

NEWS MAKHANI
26 ਤੋਂ ਮੁੜ ਖੁੱਲ੍ਹਣਗੇ ਸਰਕਾਰੀ ਸਕੂਲ 
ਰੂਪਨਗਰ 24 ਜੁਲਾਈ 2021
ਕਰੋਨਾ ਦੀ ਦੂਸਰੀ ਲਹਿਰ ਕਾਰਨ ਪੰਜਾਬ ਦੇ ਬੰਦ ਪਏ ਸਕੂਲਾਂ ਨੂੰ ਪੜਾਅਵਾਰ ਖੋਲ੍ਹਣ ਦੀ 26 ਜੁਲਾਈ ਨੂੰ ਸ਼ੁਰੂਆਤ ਹੋਰ ਰਹੀ ਹੈ। ਜਿਸ ਤਹਿਤ ਦਸਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਰੋਨਾ ਨਿਯਮਾਂ ਦੇ ਦਾਇਰੇ ‘ਚ ਰਹਿੰਦਿਆਂ ਪੰਜਾਬ ਸਰਕਾਰ ਨੇ ਸਕੂਲ ਆਉਣ ਦੀ ਆਗਿਆ ਦਿੱਤੀ ਹੈ। ਇਸ ਸਬੰਧੀ ਜਿਲ੍ਹੇ ਰੂਪਨਗਰ ਦੇ  ਸੈਕੰਡਰੀ ਤੇ ਹਾਈ ਸਕੂਲਾਂ ‘ਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਰਾਜ ਕੁਮਾਰ ਖੋਸਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਪਾਲਣ ਸਬੰਧੀ ਸਕੂਲ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਭ ਨੂੰ ਕੋਵਿਡ-19 ਤੋਂ ਬਚਾਅ ਲਈ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਆਦੇਸ਼ ਜਾਰ ਕਰ ਦਿੱਤੇ ਗਏ ਹਨ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਕੂਲਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਸਕੂਲਾਂ ਦੀ ਵਿਸ਼ੇਸ਼ ਸਫਾਈ ਕੀਤੀ ਗਈ ਹੈ। ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਕਥੇੜਾ  ਦੀ ਪ੍ਰਿੰਸੀਪਲ ਪਰਵਿੰਦਰ ਕੌਰ ਦੂਆ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ‘ਚ ਪ੍ਰਵੇਸ਼ ਕਰਨ ਮੌਕੇ ਮਾਸਕ ਪਹਿਨਣ, ਸੈਨਟਾਈਜ਼ ਹੋਣ ਅਤੇ ਲੋੜੀਦੀ ਦੂਰੀ ਬਣਾ ਕੇ ਰੱਖਣ ਲਈ, ਜਮਾਤ ਇੰਚਾਰਜਾਂ ਵੱਲੋਂ ਕੀਤੀਆਂ ਜ਼ੂਮ ਬੈਠਕਾਂ ਰਾਹੀਂ ਸੁਚੇਤ ਕਰ ਦਿੱਤਾ ਗਿਆ।ਇਸ ਤੋਂ ਇਲਾਵਾ ਸਕੂਲ ‘ਚ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਸਰਕਾਰੀ ਹਾਈ ਸਕੂਲ ਝਿੰਜੜਿ ਦੇ ਮੁੱਖ ਅਧਿਆਪਕ ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਅਧਿਆਪਕ ਤੇ ਵਿਦਿਆਰਥੀਆਂ ਕੱਲ੍ਹ ਦੇ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਸ ਸਬੰਧੀ ਅਧਿਆਪਕਾਂ ਤੇ ਵਿਦਿਆਰਥੀਆਂ ‘ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ‘ਚ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਵਿਦਿਆਰਥਣ ਦੀ ਮਾਤਾ ਰਣਜੀਤ ਕੌਰ ਨੇ ਕਿਹਾ ਕਿ ਭਾਵੇਂ ਸਿੱਖਿਆ ਵਿਭਾਗ ਨੇ ਕਰੋਨਾ ਸੰਕਟ ਦੌਰਾਨ ਟੀਵੀ ਤੇ ਆਨਲਾਈਨ ਪੜ੍ਹਾਈ ਕਰਵਾਉਣ ਲਈ ਬਹੁਤ ਉੱਦਮ ਕੀਤੇ ਪਰ ਬੱਚਿਆਂ ਨੂੰ ਸਕੂਲ ‘ਚ ਜਾ ਕੇ ਪੜ੍ਹਨ ਦਾ ਵਧੇਰੇ ਚਾਅ ਹੁੰਦਾ ਹੈ। ਜੋ ਕੱਲ੍ਹ ਨੂੰ ਪੂਰਾ ਹੋ ਜਾਵੇਗਾ। ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਲੰਬੇ ਅਰਸੇ ਤੋਂ ਸਕੂਲ ਲੱਗਣ ਦੀ ਉਡੀਕ ‘ਚ ਸਨ ਕਿਉਂਕਿ ਵਿਦਿਆਰਥੀ ਜੋ ਕੁਝ ਸਕੂਲ ‘ਚ ਜਾ ਕੇ ਸਿੱਖਦੇ ਹਨ, ਉਨ੍ਹਾਂ ਕੁਝ ਉਹ ਆਨਲਾਈਨ ਪੜ੍ਹਾਈ ਦੌਰਾਨ ਨਹੀਂ ਸਿੱਖ ਸਕਦੇ।
Spread the love