ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਮੈਨੇਜਮੈਂਟ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ
ਫਰੀਦਕੋਟ 14 ਮਈ , 2021 ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਕਰੋਨਾ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ, ਟੈਸਟਿੰਗ ਵਧਾਉਣ ਅਤੇ ਹੋਮ ਆਈਸੋਲੇਟ ਕੀਤੇ ਗਏ ਲੋਕਾਂ ਦੀ ਟਰੈਕਿੰਗ ,ਉਪਚਾਰ ਆਦਿ ਸਬੰਧੀ ਜਾਇਜ਼ਾ ਲੈਣ ਲਈ ਕੋਵਿਡ 19 ਮਨੇਜਮੈਂਟ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਧੀਕ ਡਿਪਟੀ ਕਮਿਸਨਰ (ਜ) ਸ: ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਐਸ.ਡੀ.ਐਮ ਫ਼ਰੀਦਕੋਟ ਪੂਨਮ ਸਿੰਘ, ਐਸ.ਡੀ.ਐਮ ਕੋਟਕਪੂਰਾ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ ਜੈਤੋ ਡਾ. ਮਨਦੀਪ ਕੌਰ, ਸਿਵਲ ਸਰਜਨ ਡਾ. ਸੰਜੇ ਕਪੂਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਮਨੇਜਮੈਟ ਲਈ ਜਿਲ੍ਹੇ ਵਿੱਚ 27 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸਿਹਤ , ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਕੀਤੇ ਗਏ ਹਨ। ਇਹ ਟੀਮਾਂ ਦੇ ਸੈਕਟਰ ਅਫਸਰ ਆਪਣੇ ਆਪਣੇ ਇਲਾਕੇ ਦੇ ਸੈਕਟਰ ਮੈਜਿਸਟਰੇਟ ਵੀ ਹੋਣਗੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਪਰੋਕਤ ਟੀਮਾਂ ਉਨ੍ਹਾਂ ਨੂੰ ਅਲਾਟ ਕੀਤੇ ਗਏ ਏਰੀਏ, ਪਿੰਡਾਂ ਵਿੱਚ ਕਰੋਨਾ ਟੀਕਾਕਰਨ ਕਰਨ ਵੱਧ ਤੋਂ ਵੱਧ ਲੋਕਾਂ ਦੀ ਟੈਸਟਿੰਗ, ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਕਰੋਨਾ ਪਾਜੀਟਿਵ ਮਰੀਜਾਂ ਦੀ ਟਰੈਕਿੰਗ ਆਦਿ , ਉਨ੍ਹਾਂ ਦੇ ਉਪਚਾਰ ਸਮੇਤ ਕਰੋਨਾ ਨਾਲ ਸਬੰਧਤ ਹਰ ਤਰ੍ਹਾਂ ਦੇ ਕੰਮ ਲਈ ਜਿੰਮੇਵਾਰ ਹੋਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਐਸ.ਡੀ.ਐਮ, ਫ਼ਰੀਦਕੋਟ, ਕੋਟਕਪੂਰਾ, ਜੈਤੋ ਤੋਂ ਉਨ੍ਹਾਂ ਦੀ ਸਬ ਡਵੀਜ਼ਨ ਵਿਚ ਟੀਕਾਕਰਨ ਮੁਹਿੰਮ, ਕਰੋਨਾ ਟੈਸਟਿੰਗ, ਘਰੇਲੂ ਇਕਾਂਤਵਾਸ ਸਮੇਤ ਮਰੀਜ਼ਾਂ ਦੇ ਇਲਾਜ ਆਦਿ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਡਾ. ਸੁਲੇਖ ਮਿੱਤਲ ਤੋਂ ਹਸਪਤਾਲ ਵਿਚ ਕੋਵਿਡ ਵਾਰਡ ਵਿੱਚ ਮਰੀਜ਼ਾਂ ਦੇ ਇਲਾਜ, ਮਰੀਜ਼ਾਂ ਦੀ ਗਿਣਤੀ, ਆਕਸੀਜਨ ਵੈਂਟੀਲੇਟਰ, ਆਕਸੀਜਨ ਦੀ ਉਪਲਬਧਾ ਸਮੇਤ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ । ਉਨ੍ਹਾਂ ਸਿਵਲ ਸਰਜਨ ਤੋਂ ਕਰੋਨਾ ਟੈਸਟਿੰਗ, ਟੀਕਾਕਰਣ, ਟਰੈਕਿੰਗ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਣ ਸ਼ੁਰੂ ਹੋ ਚੁਕਾ ਹੈ ਤੇ ਰਜਿਸਟਰਡ ਕਿਰਤੀ ਕਾਮਿਆਂ , ਉਨ੍ਹਾਂ ਦੇ ਪਰਿਵਾਰਾਂ ਦਾ ਵੀ ਟੀਕਾਕਰਨ ਪਹਿਲ ਦੇ ਆਧਾਰ ਤੇ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ । ਉਨ੍ਹਾਂ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਨੂੰ ਕਿਹਾ ਕਿ ਉਹ ਰਜਿਸਟਰਡ ਕਿਰਤੀ ਕਾਮਿਆਂ ਨੂੰ ਵੱਧ ਤੋਂ ਵੱਧ ਟੀਕਾ ਕਰਨ ਲਈ ਉਤਸ਼ਾਹਤ ਕਰਨ ।
ਇਸ ਮੀਟਿੰਗ ਵਿੱਚ ਡਾ. ਹਰਿੰਦਰ ਸਿੰਘ, ਡਾ. ਚੰਦਰ ਸ਼ੇਖਰ, ਡਾ. ਮਨਜੀਤ ਕੌਰ, ਡਾ. ਪਰਵਿੰਦਰ ਕੌਰ, ਸਮੇਤ ਸਮੂਹ ਐਸ.ਐਮ.ਓ. ਅਤੇ ਸਾਰੀਆਂ ਟੀਮਾਂ ਦੇ ਇੰਚਾਰਜ ਅਤੇ ਪ੍ਰਬੰਧਕ ਆਦਿ ਵੀ ਹਾਜ਼ਰ ਸਨ।