ਜੇਕਰ ਤੁਸੀਂ ਵੀ ਚਾਹੁੰਦੇ ਹੋ ਤਾਜ਼ੀ ਅਤੇ ਤੱਤ ਭਰਪੂਰ ਸਬਜ਼ੀ ਤਾਂ ਬੀਜ਼ੋ ਘਰੇਲੂ ਬਗੀਚੀ – ਬਾਗਬਾਨੀ ਵਿਭਾਗ

36 ਵਰਗ ਮੀਟਰ ਦੀ ਜਗਾ ਵਿਚੋਂ ਸਾਲ ਵਿੱਚ ਲਈ ਜਾ ਸਕਦੀ ਹੈ 300 ਕਿਲੋ ਸਬਜ਼ੀ
ਬਟਾਲਾ, 20 ਅਗਸਤ 2021 ਜੇਕਰ ਤੁਸੀਂ ਵੀ ਤਾਜ਼ੀ ਅਤੇ ਤੱਤ ਭਰਪੂਰ ਸਬਜ਼ੀਆਂ ਚਾਹੁੰਦੇ ਹੋ ਤਾਂ ਇਸਦਾ ਹੱਲ ਵੀ ਤੁਹਾਡੇ ਕੋਲ ਹੀ ਹੈ। ਤਾਜ਼ੀ ਅਤੇ ਤੱਤ ਭਰਪੂਰ ਸਬਜ਼ੀਆਂ ਲੈਣ ਲਈ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਘਰੇਲੂ ਬਗੀਚੀ ਬੀਜ਼ ਸਕਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਮੰਡੀਕਰਨ ਲਈ ਪੈਦਾ ਕੀਤੀਆਂ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟ ਨਾਸ਼ਕਾਂ ਦੀ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ। ਪਰ ਤਾਜ਼ੀ, ਤੱਤ ਭਰਪੂਰ ਅਤੇ ਕੀਟ ਨਾਸ਼ਕਾਂ ਦੀ ਘੱਟੋ ਘੱਟ ਵਰਤੋਂ ਨਾਲ ਤਿਆਰ ਸਬਜ਼ੀ ਘਰ ਬਗੀਚੀ ਵਿੱਚੋਂ ਮਿਲ ਸਕਦੀ ਹੈ। ਕਿਸਾਨਾਂ ਭਰਾਵਾਂ ਜਾਂ ਜਿਨਾਂ ਕੋਲ ਥੋੜੀ ਜਿਹੀ ਸਬਜ਼ੀ ਬਗੀਚੀ ਬੀਜ਼ਣ ਲਈ ਜਗਾ ਹੋਵੇ ਉਨਾਂ ਨੂੰ ਆਪਣੇ ਘਰ ਦੀਆਂ ਸਬਜ਼ੀਆਂ ਦੀ ਲੋੜ ਪੂਰੀ ਕਰਨ ਲਈ ਘਰੇਲੂ ਬਗੀਚੀ ਜਰੂਰ ਬੀਜ਼ਣੀ ਚਾਹੀਦੀ ਹੈ।
ਬਟਾਲਾ ਦੇ ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਸਾਰਾ ਸਾਲ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬਦਲ-ਬਦਲ ਕੇ ਬੀਜੀਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਜੋ ਸਬਜ਼ੀਆਂ ਦਾ ਫ਼ਸਲੀ ਚੱਕਰ ਦਾ ਮਾਡਲ ਦਿੱਤਾ ਗਿਆ ਹੈ ਉਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ਅਤੇ ਸਾਰਾ ਸਾਲ ਸਬਜ਼ੀਆਂ ਦੀ ਪ੍ਰਾਪਤੀ ਵੀ ਹੁੰਦੀ ਰਹਿੰਦੀ ਹੈ।
ਬਾਗਬਾਨੀ ਅਫ਼ਸਰ ਨੇ ਦੱਸਿਆ ਕਿ ਇੱਕ ਸਾਲ ਵਿੱਚ 36 ਵਰਗ ਮੀਟਰ ਦੇ ਜ਼ਮੀਨ ਦੇ ਟੁਕੜੇ ਉਪਰ 27 ਅਲੱਗ-ਅਲੱਗ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਤਕਰੀਬਨ 300 ਕਿਲੋ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮਾਡਲ ਰਾਹੀਂ ਚਾਰ ਮੈਂਬਰਾਂ ਦੇ ਪਰਿਵਾਰ (ਦੋ ਬਾਲਗ ਅਤੇ ਦੋ ਬੱਚੇ ) ਦੀ ਵਿਟਾਮਿਨ, ਧਾਤਾਂ ਅਤੇ ਹੋਰ ਜਰੂਰੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ।
ਉਨਾਂ ਦੱਸਿਆ ਕਿ ਘੀਆ ਕੱਦੂ, ਘੀਆ ਤੋਰੀ, ਤਰ, ਖੀਰਾ ਅਤੇ ਟਮਾਟਰ ਵਰਗੀਆਂ ਸਬਜ਼ੀਆਂ ਦਾ ਤਣਾ ਕਮਜ਼ੋਰ ਹੋਣ ਕਰਕੇ ਇਹਨਾਂ ਨੂੰ ਰੱਸੀ ਨਾਲ ਸਹਾਰਾ ਦੇਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤਾਂ ਜੋ ਇਹਨਾਂ ਫ਼ਸਲਾਂ ਤੋਂ ਵਧੀਆ ਕੁਆਲਿਟੀ ਦੇ ਫ਼ਲ ਮਿਲ ਸਕਣ। ਲਗਾਤਾਰ ਉਪਲੱਭਤਾ ਲਈ ਧਨੀਆ, ਗਾਜਰ, ਮੂਲੀ ਅਤੇ ਭਿੰਡੀ ਦੀ ਹਰ ਪੰਦਰਵਾੜੇ ਤੇ ਬਿਜਾਈ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਬਾਗਬਾਨੀ ਅਫ਼ਸਰ ਨੇ ਕਿਹਾ ਕਿ ਜੇਕਰ ਅਸੀਂ ਘਰੇਲੂ ਬਗੀਚੀ ਰਾਹੀਂ ਸਬਜ਼ੀਆਂ ਪ੍ਰਾਪਤ ਕਰਦੇ ਹਾਂ ਤਾਂ ਇਹ ਜਿਥੇ ਸਸਤੀਆਂ ਹੁੰਦੀਆਂ ਹਨ ਉਥੇ ਰਸਾਇਣਾ ਤੋਂ ਰਹਿਤ ਵੀ ਹੁੰਦੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਘਰੇਲੂ ਬਗੀਚੀ ਜਰੂਰ ਬੀਜ਼ਣ।