ਝੋਨੇ ਦੀ ਪਰਾਲੀ ਦੇ ਨਿਪਟਾਰੇ ਦੇ ਤਕਨੀਕੀ ਹੱਲ ਲਈ ਨੇੜੇ ਦੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ ਕਿਸਾਨ- ਮੁੱਖ ਖੇਤੀਬਾੜੀ ਅਫ਼ਸਰ

ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਦੂਸਰੇ ਤਕਨੀਕੀ ਤਰੀਕਿਆਂ ਨਾਲ ਇਸਦਾ ਨਿਪਟਾਰਾ ਕਰਨ ਦੀ ਕੀਤੀ ਅਪੀਲ
ਤਰਨ ਤਾਰਨ, 06 ਅਕਤੂਬਰ :
ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਸ੍ਰੀ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਹੈ ਕਿ ਪਰਾਲੀ ਨੂੰ ਖੇਤ ਵਿੱਚੋਂ ਇਕੱਠਾ ਕਰਨ ਲਈ ਬੇਲਰ ਮਸ਼ੀਨ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਮਸ਼ੀਨ ਖੇਤ ਵਿਚ ਖਿਲਰੀ ਪਰਾਲੀ ਨੂੰ ਇਕੱਠਾ ਕਰਕੇ ਆਇਤਾਕਾਰ ਗੰਢਾਂ ਬਣਾ ਦਿੰਦੀ ਹੈ। ਇਨ੍ਹਾਂ ਆਇਤਾਕਾਰ ਗੰਢਾਂ ਨੂੰ ਖੇਤ ਵਿਚੋਂ ਆਸਾਨੀ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਪਰਾਲੀ ਦੀਆਂ ਇਹ ਗੰਢਾਂ ਬਾਲਣ ਲਈ ਗੋਲੇ ਬਣਾਉਣ ਵਾਸਤੇ, ਗੱਤਾ ਬਣਾਉਣ ਲਈ, ਕੰਪੋਸਟ ਤਿਆਰ ਕਰਨ, ਪਰਾਲੀਚਾਰ ਬਣਾਉਣ ਲਈ, ਬਿਜਲੀ ਪੈਦਾ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਬੇਲਰ ਮਸ਼ੀਨ ਕੇਵਲ ਕੱਟੇ ਹੋਏ ਪਰਾਲ (ਕੰਬਾਈਨ ਦੇ ਪਿੱਛੇ ਸੁੱਟਿਆ ਹੋਇਆ) ਹੀ ਇੱਕਠਾ ਕਰਦੀ ਹੈ, ਇਸ ਲਈ ਜੇ ਸਾਰਾ ਪਰਾਲ ਖੇਤ ਵਿੱਚੋਂ ਇੱਕਠਾ ਕਰ ਕੇ ਬਾਹਰ ਕੱਢਣੇ ਹੋਣ ਤਾਂ ਇਸ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਖੇਤ ਵਿਚ ਪਰਾਲੀ ਦੇ ਖੜੇ ਕਰਚਿਆਂ ਨੂੰ ਸਟੱਬਲ ਸੇਵਰ ਨਾਲ ਕੱਟ ਲੈਣਾ ਚਾਹੀਦਾ ਹੈ। ਬੇਲਰ ਮਸ਼ੀਨ 40-110 ਸੈਂਟੀਮੀਟਰ ਦੀ ਲੰਬਾਈ ਦੀਆਂ ਗੰਢਾਂ ਬਣਾਉਂਦੀ ਹੈ। ਗੰਢ ਦੀ ਉਚਾਈ 36 ਸੈਂਟੀਮੀਟਰ ਅਤੇ ਚੌੜਾਈ 46 ਸੈਂਟੀਮੀਟਰ ਦੀ ਹੁੰਦੀ ਹੈ। ਗੰਢਾਂ ਦਾ ਭਾਰ 15-35 ਕਿਲੋ ਤੱਕ ਦਾ ਹੁੰਦਾ ਹੈ, ਜੋ ਕਿ ਗੰਢ ਦੀ ਲੰਬਾਈ ਅਤੇ ਪਰਾਲੀ ਦੀ ਸਿੱਲ ’ਤੇ ਨਿਰਭਰ ਕਰਦਾ ਹੈ। ਇਹ ਮਸ਼ੀਨ ਇੱਕ ਦਿਨ ਵਿਚ 8-10 ਏਕੜ ਦੇ ਰਕਬੇ ਦੀ ਪਰਾਲੀ ਦੀਆਂ ਗੰਢਾਂ ਬਣਾ ਦਿੰਦੀ ਹੈ।
ਉਹਨਾਂ ਦੱਸਿਆ ਕਿ ਇੱਕ ਹੋਰ ਰੇਕ ਮਸ਼ੀਨ ਨਾਲ ਖੇਤ ਵਿੱਚ ਕੱਟੀ ਅਤੇ ਖਿੱਲਰੀ ਪਰਾਲੀ ਦੀਆਂ ਖੇਤ ਵਿੱਚ ਕਤਾਰਾਂ ਬਣਾ ਲਈਆਂ ਜਾਂਦੀਆਂ ਹਨ। ਖਿੱਲਰੀ ਹੋਈ ਪਰਾਲੀ ਦੀਆਂ ਕਤਾਰਾਂ ਬਣਾਉਣ ਨਾਲ ਇਸ ਮਗਰੋਂ ਚੱਲਣ ਵਾਲੇ ਬੇਲਰ ਦਾ ਕੰਮ ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ।
ਸ੍ਰੀ ਸੈਣੀ ਨੇ ਦੱਸਿਆ ਕਿ ਮਸ਼ੀਨਾਂ ਦੁਆਰਾ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਇਆ ਸਾਂਭਿਆ ਜਾ ਸਕਦਾ ਹੈ ਅਤੇ ਕਣਕ, ਆਲੂ ਅਤੇ ਸਬਜ਼ੀਆਂ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਵਿਚੋਂ ਕਿਸੇ ਇੱਕ ਨੂੰ ਵਰਤ ਕੇ ਅੱਗ ਲਗਾਉਣ ਦੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਦੇ ਨਿਪਟਾਰੇ ਦੇ ਤਕਨੀਕੀ ਹੱਲ ਲਈ ਨੇੜੇ ਦੇ ਖੇਤੀਬਾੜੀ ਦਫ਼ਤਰ ਵਿੱਚ ਵੀ ਸੰਪਰਕ ਕਰ ਸਕਦੇ ਹਨ।

Spread the love