ਝੋਨੇ ਦੀ ਸਿੱਧੀ ਬਿਜਾਈ ਮਜ਼ਦੂਰਾਂ ਦੀ ਸੰਭਾਵਤ ਘਾਟ ਦਾ ਇਕ ਬੇਹਤਰ ਬਦਲ-ਐਸ.ਡੀ.ਐਮ ਕਨੂੰ ਗਰਗ

ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਲਈ ਅਤੇ ਬਾਸਮਤੀ ਲਈ ਜੂਨ ਦਾ ਦੂਜਾ ਪੰਦਰਵਾੜਾਂ ਢੁਕਵਾਂ ਸਮਾਂ-ਡਾ.ਅਵਤਾਰ ਸਿੰਘ ਮੁੱਖ ਖੇਤੀਬਾੜੀ ਅਫਸਰ
ਸ੍ਰੀ ਅਨੰਦਪੁਰ ਸਾਹਿਬ 06 ਜੂਨ,2021- ਪੰਜਾਬ ਸਰਕਾਰ ਵਲੋ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ 20 ਤੋ 25% ਬੱਚਤ ਹੋ ਜਾਦੀ ਹੈ ਅਤੇ ਲੇਬਰ ਦੇ ਖਰਚ ਦੀ ਵੀ ਬੱਚਤ ਹੋ ਜਾਦੀ ਹੈ।
ਐਸ.ਡੀ.ਐਮ ਕਨੂੰ ਗਰਗ ਨੇ ਅਗੰਮਪੁਰ ਵਿਚ ਦੌਰਾ ਕਰਨ ਉਪਰੰਤ ਦੱਸਿਆ ਕਿ ਪਿੰਡ ਅਗੰਮਪੁਰ ਟੱਪਰੀਆਂ ਦੇ ਕਿਸਾਨ ਖੁਸ਼ਹਾਲ ਸਿੰਘ ਵਲੋ 2 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ।ਸ੍ਰੀ ਅਨੰਦਪੁਰ ਸਾਹਿਬ ਖੇਤਰ ਦੇ ਕਿਸਾਨਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ 2 ਹਜਾਰ ਏਕੜ ਰਕਬਾ ਝੋਨੇ ਦੀ ਫਸਲ ਦੀ ਸਿੱਧੀ ਬਿਜਾਈ ਹੇਠ ਕਵਰ ਕੀਤਾ ਜਾਣਾ ਹੈ।ਐਸ.ਡੀ.ਐਮ ਕਨੂੰ ਗਰਗ ਨੇ ਵਿਭਾਗ ਦੀ ਇਸ ਸਕੀਮ ਦਾ ਪਿੰਡ ਅਗੰਮਪੁਰ ਤੋ ਆਗਾਜ ਕੀਤਾ।
ਜਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਕਨੂੰ ਗਰਗ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ,ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ, ਮਜ਼ਦੂਰਾਂ ਦੀ ਸੰਭਾਵਤ ਘਾਟ ਦਾ ਇਕ ਬੇਹਤਰ ਬਦਲ ਹੈ।ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿਚ ਸਿੱਧੀ ਬਿਜਾਈ ਨਾਲ ਕਾਸਤ ਕੀਤੀ ਝੋਨੇ ਦੀ ਫਸਲ ਚੰਗਾ ਝਾੜ ਅਤੇ ਮਿਆਰ ਦਿੰਦੀ ਹੈ। ਮੁੱਖ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਨੇ ਦੱਸਿਆ ਕਿ ਜੋ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦਾ ਹੈ ਉਹ ਖੇਤੀ ਮਾਹਿਰਾਂ ਨਾਲ ਸੰਪਰਕ ਕਰੇ ਤਾਂ ਜੋ ਸਹੀ ਤਕਨੀਕੀ ਅਗਵਾਈ ਦਿੱਤੀ ਜਾ ਸਕੇ ਅਤੇ ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆਂ ਦਾ ਸਾਹਮਣਾ ਨਾਂ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕੋਵਿਡ 19 ਕਾਰਨ ਮਜ਼ਦੂਰਾਂ ਦੀ ਘਾਟ ਅਤੇ ਕਿਸਾਨਾਂ ਦੀ ਮੰਗ ਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨਾ ਲਾਉਣ ਦੀ ਤਾਰੀਕ 10 ਜੂਨ ਮਿਥੀ ਗਈ ਹੈ।
ਡਾ.ਅਵਤਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਿਸੇ ਵੀ ਹਾਲਤ ਵਿੱਚ ਨਾਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੂਨ ਦਾ ਪਹਿਲਾ ਪੰਦਰਵਾੜਾ ਝੋਨੇ ਦੀ ਸਿੱਧੀ ਬਿਜਾਈ ਲਈ ਅਤੇ ਬਾਸਮਤੀ ਲਈ ਜੂਨ ਦਾ ਦੂਜਾ ਪੰਦਰਵਾੜਾਂ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿੱਚ ਹੀ ਕੀਤੀ ਜਾਵੇ ਅਤੇ ਪਹਿਲਾ ਪਾਣੀ ਬਿਜਾਈ ਤੋਂ 20-21 ਦਿਨਾਂ ਬਾਅਦ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਤਰਵੱਤਰ ਵਿੱਚ ਬਿਜਾਈ ਕਰਨ ਉਪਰੰਤ ਪਾਣੀ ਦੇਰ ਨਾਲ ਲਗਾਉਣ ਝੋਨੇ ਦੇ ਬੂਟੇ ਦੀਆਂ ਜੜਾਂ ਡੂੰਘੀਆਂ ਜਾਂਦੀਆ ਹਨ ਜਿਸ ਨਾਲ ਛੋਟੇ ਤੱਤਾਂ ਦੀ ਘਾਟ ਨਹੀਂ ਆਉਂਦੀ ਅਤੇ ਪਾਣੀ ਦੀ ਬੱਚਤ ਵੀ ਹੋ ਜਾਂਦੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 8-12 ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖਣ ਤੋਂ ਬਾਅਦ ਛਾਵੇਂ ਸੁਕਾ ਕੇ 24 ਗ੍ਰਾਮ ਸਪਰਿੰਟ ਦਵਾਈ ਨੂੰ 100 ਮਿਲੀ ਲਿਟਰ ਪਾਣੀ ਵਿੱਚ ਘੋਲ ਕੇ 8 ਕਿਲੋ ਨੂੰ ਲੇਪ ਕਰ ਦੇਣਾ ਚਾਹੀਦਾ।ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਛਿੜਕਾਅ ਬਿਜਾਈ ਤੋਂ 15-25 ਦਿਨਾਂ ਬਾਅਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਇਸ ਵਿਧੀ ਵਿੱਚ ਰੁਚੀ ਦਿਖਾ ਰਹੇ ਹਨ ਅਤੇ ਕਈ ਕਿਸਾਨ ਪਹਿਲੀ ਵਾਰ ਇਸ ਵਿਧੀ ਨੂੰ ਅਪਣਾ ਰਹੇ ਹਨ ਇਸ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆਂ ਨਾਂ ਆਵੇ।
ਇਸ ਮੋਕੇ ਡਾ.ਸਤਵੰਤ ਸਿੰਘ, ਡਾ.ਅਮਰਜੀਤ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ, ਰਾਜ ਕੁਮਾਰ, ਅਰਜੁਨ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।

Spread the love