ਬੀਜ ਬਾਲ ਬਾਗਬਾਨੀ ਵਿਭਾਗ ਦੇ ਵੱਖ-ਵੱਖ ਬਲਾਕ ਦਫਤਰਾਂ ਪਾਸੋਂ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ
ਸਾਂਝੀਆਂ ਥਾਵਾਂ, ਸੜਕਾਂ ਦੇ ਕੰਢੇ ਅਤੇ ਜਨਤਕ ਥਾਵਾਂ ਆਦਿ ‘ਤੇ ਲਗਾਏ ਜਾਣੇ ਲਈ ਪੰਜਾਬ ਭਰ ਵਿੱਚ ਵੰਡੇ ਜਾਣੇ 2.50 ਲੱਖ ਬੀਜ ਬਾਲ
ਤਰਨ ਤਾਰਨ, 20 ਜੁਲਾਈ 2021
ਬਾਗਬਾਨੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਫਲ਼ ਅਤੇ ਸਬਜ਼ੀ ਵਰ੍ਹਾ 2021 ਮਨਾਉਂਦੇ ਹੋਏ ਬੀਜ ਬਾਲ ਵੰਡਣ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਕੀਤੀ ਗਈ।
ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸ਼ੈਲਿੰਦਰ ਕੌਰ (ਆਈ.ਐਫ.ਐਸ.) ਦੀਆਂ ਹਦਾਇਤਾਂ ਅਨੁਸਾਰ ਪੰਜਾਬ ਭਰ ਵਿੱਚ ਕੁੱਲ 2.50 ਲੱਖ ਬੀਜ ਬਾਲ ਵੰਡੇ ਜਾਣੇ ਹਨ, ਜੋ ਕਿ ਸਾਂਝੀਆਂ ਥਾਵਾਂ, ਸੜਕਾਂ ਦੇ ਕੰਢੇ, ਜਨਤਕ ਥਾਵਾਂ ਆਦਿ ‘ਤੇ ਲਗਾਏ ਜਾਣੇ ਹਨ।
ਇਸ ਮੌਕੇ ਉਪ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਇਹ ਬੀਜ ਬਾਲ ਦਾ ਇੱਕ ਹਿੱਸਾ ਮਿੱਟੀ, ਅੱਧਾ ਹਿੱਸਾ ਦੇਸੀ ਰੂੜੀ ਅਤੇ ਬਹੁਤ ਥੋੜ੍ਹੀ ਮਾਤਰਾ ਵਿੱਚ ਝੋਨੇ ਦੀ ਫੱਕ/ਕੋਕੋਪਿਟ ਦਾ ਮਿਸ਼ਰਣ ਪਾ ਕੇ ਬਣਾਇਆ ਜਾਂਦਾ ਹੈ। ਵੱਖ-ਵੱਖ ਫਲਦਾਰ ਰੁੱਖਾਂ ਦੇ ਸੁੱਕੇ ਬੀਜ ਇਸ ਵਿੱਚ ਰੱਖ ਕੇ ਦੁਬਾਰਾ ਪੇੜਾ ਰੋਲ ਕੀਤਾ ਜਾਂਦਾ ਹੈ। 10 ਐਮ.ਐਮ. ਤੋਂ 80 ਐਮ.ਐਮ. (ਅੱਧਾ ਇੰਚ ਤੋਂ 3 ਇੰਚ) ਦੀਆਂ ਬੀਜ ਗੇਂਦਾਂ ਬਣਾਈਆਂ ਜਾਂਦੀਆਂ ਹਨ ਅਤੇ 24 ਤੋਂ 28 ਘੰਟਿਆਂ ਲਈ ਇਹਨਾਂ ਨੂੰ ਛਾਂ ਹੇਠ ਸੁਕਾਇਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਇਹ ਬੀਜ ਬਾਲ ਬਾਗਬਾਨੀ ਵਿਭਾਗ ਦੇ ਵੱਖ-ਵੱਖ ਬਲਾਕ ਦਫਤਰਾਂ ਪਾਸੋਂ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਤਜਿੰਦਰ ਸਿੰਘ ਸੰਧੂ ਸਹਾਇਕ ਡਾਇਰੈਕਟਰ ਬਾਗਬਾਨੀ, ਕਵਲਜਗਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ, ਰਾਜਬੀਰ ਸਿੰਘ, ਦਲਬੀਰ ਸਿੰਘ ਸਬ-ਇੰਸਪੈਕਟਰ, ਮਨਦੀਪ ਸਿੰਘ, ਰਘਬੀਰ ਸਿੰਘ ਫੀਲਡ ਕੰਸਲਟੈਂਟ ਅਤੇ ਫੀਲਡ ਸਟਾਫ ਹਾਜਰ ਸਨ।